ਚੰਡੀਗੜ੍ਹੋਂ ਕੈਨੇਡਾ ਤੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਚਲਵਾਉਣ ਲਈ ਮਾਨ ਦੇਣਗੇ ਧਰਨੇ

215

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਨੇਡਾ, ਯੂਰਪ ਅਤੇ ਅਮਰੀਕਾ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸਿੱਧੀਆਂ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ, ਹਿਮਾਚਲ ਪ੍ਰਦੇਸ, ਜੰਮੂ-ਕਸ਼ਮੀਰ ਸਮੇਤ ਹਰਿਆਣਾ ਦੇ ਵੱਡੇ ਹਿੱਸੇ ਨਾਲ ਜੁੜੇ ਇਸ ਮੁੱਦੇ ‘ਤੇ ਗੰਭੀਰ ਹੋਣ ਦੀ ਅਪੀਲ ਕੀਤੀ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ।

ਪ੍ਰੈਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਐਨਆਰਆਈ ਪੰਜਾਬੀਆਂ ਨੂੰ ਆਪਣੀ ਜਨਮਭੂਮੀ ਨਾਲ ਜੋੜਨ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਦਹਾਕਿਆਂ ਪਹਿਲਾਂ ਹੀ ਹੱਲ ਹੋ ਜਾਣਾ ਚਾਹੀਦਾ ਸੀ, ਪਰ ਕਾਂਗਰਸ ਤੇ ਅਕਾਲੀ-ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਨੇ ਲੰਮਾਂ ਸਮਾਂ ਸੱਤਾ ਸੁਖ ਭੋਗਣ ਦੇ ਬਾਵਜੂਦ ਐਨਆਰਆਈਜ਼ ਦੀ ਇਸ ਮੰਗ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਨੇਡਾ, ਯੂਰਪ, ਅਮਰੀਕਾ ਅਤੇ ਅਸਟ੍ਰੇਲੀਆ ਵਰਗੇ ਮੁਲਕਾਂ ਲਈ ਡਾਇਰੈਕਟ ਅਪ-ਡਾਊਨ ਫਲਾਈਟ ਸ਼ੁਰੂ ਨਾ ਕਰਨ ਪਿੱਛੇ ਵੱਡਾ ਮਾਫ਼ੀਆ ਸਰਗਰਮ ਹੈ, ਜਿਸ ‘ਚ ਬਤੌਰ ਟਰਾਂਸਪੋਰਟ ਮਾਫ਼ੀਆ ਬਾਦਲ ਪਰਿਵਾਰ ਵੀ ਸ਼ਾਮਲ ਹੈ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਕੈਨੇਡਾ ਸਰਕਾਰ ਵੱਲੋਂ ਹੁਣ ਐਬਸਫੋਰਡ ਤੋਂ ਅੰਮ੍ਰਿਰਤਸਰ ਸਾਹਿਬ ਅਤੇ ਵੈਨਕੂਵਰ ਤੋਂ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਲਈ ਸਿੱਧੀ ਉਡਾਣ ਲਈ ਭਾਰਤ ਸਰਕਾਰ ਨੂੰ ਤਜਵੀਜ਼ ਭੇਜੀ ਹੋਈ ਹੈ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਅੰਤਰਰਾਸ਼ਟਰੀ ਉਡਾਣਾਂ ਲਈ ਅਜੇ ਤਕ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਏਅਰਪੋਰਟ ਮਾਫ਼ੀਆ ਦੀ ਥਾਂ ਦੇਸ਼ ਦੇ ਆਮ ਲੋਕਾਂ ਅਤੇ ਖ਼ਾਸ ਕਰ ਕੇ ਪੰਜਾਬੀ ਐਨਆਰਆਈਜ਼ ਦੇ ਹਿੱਤਾਂ ‘ਚ ਪਹਿਰਾ ਦੇਣ ਦੀ ਅਪੀਲ ਕੀਤੀ।

ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਕੈਨੇਡਾ ਦੀਆਂ ਦੋਵੇਂ ਅੰਤਰਰਾਸ਼ਟਰੀ ਉਡਾਣਾਂ ਨੂੰ ਚੰਡੀਗੜ੍ਹ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤੁਰੰਤ ਪ੍ਰਵਾਨਗੀ ਨਾ ਦਿੱਤੀ ਤਾਂ ਉਹ ਸੜਕਾਂ ਤੋਂ ਲੈ ਕੇ ਸੰਸਦ ਤਕ ਕੇਂਦਰ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣਗੇ।

Get real time updates directly on you device, subscribe now.

Leave A Reply

Your email address will not be published.