ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁੱਲ੍ਹੇ ਸਿੱਖ ਕਤਲੇਆਮ ਦੇ ਨਵੇਂ ਰਾਜ਼

172

ਚੰਡੀਗੜ੍ਹ: ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁਲਾਸਾ ਹੋਇਆ ਹੈ ਕਿ ਦਿੱਲੀ ਹੀ ਨਹੀਂ ਸਗੋਂ ਹਰਿਆਣਾ ਪੁਲਿਸ ਦੀ ਹਾਜ਼ਰੀ ਵਿੱਚ ਵੀ ਵੱਡੀ ਪੱਧਰ ‘ਤੇ ਸਿੱਖ ਕਤਲੇਆਮ ਹੋਇਆ ਸੀ। ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਰਟੀਆਈ ਕਾਨੂੰਨ ਤਹਿਤ ਇਹ ਸਰਕਾਰੀ ਦਸਤਾਵੇਜ਼ ਹਾਸਲ ਕੀਤੇ ਹਨ।

ਉਨ੍ਹਾਂ ਨੇ ਦਸਤਵੇਜ਼ਾਂ ਦੀਆਂ ਦੋ ਲਿਸਟਾਂ ਦਿਖਾਉਂਦਿਆਂ ਖ਼ੁਲਾਸਾ ਕੀਤਾ ਹੈ ਕਿ ਨਵੰਬਰ 1984 ਵਿਚ ਹਰਿਆਣਾ ’ਚ ਉਨ੍ਹਾਂ ਥਾਵਾਂ ’ਤੇ ਹੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿੱਥੇ ਪੁਲਿਸ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਆਰਟੀਆਈ ਰਾਹੀਂ ਇਹ ਜਾਣਕਾਰੀ ਮਿਲੀ ਕਿ ਹਰਿਆਣਾ ’ਚ ਜਿਹੜੀਆਂ ਥਾਵਾਂ ’ਤੇ ਸਿੱਖ ਕਤਲੇਆਮ ਹੋਇਆ, ਉੱਥੇ ਕਿੰਨੇ-ਕਿੰਨੇ ਪੁਲਿਸ ਮੁਲਾਜ਼ਮ ਤਾਇਨਾਤ ਸਨ।

ਸਰਕਾਰੀ ਰਿਕਾਰਡ ਅਨੁਸਾਰ 1 ਤੇ 2 ਨਵੰਬਰ 1984 ਨੂੰ ਪੁਲਿਸ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ ਦੀ ਲਿਸਟ ਦਿਖਾਉਂਦਿਆਂ ਖੁਲਾਸਾ ਕੀਤਾ ਗਿਆ ਕਿ 79 ਸਿੱਖਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਜਿਊਂਦੇ ਸਾੜ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਗੁੜਗਾਉਂ ਵਿੱਚ 297 ਘਰਾਂ ਤੇ ਪਟੌਦੀ ਵਿੱਚ 47 ਘਰਾਂ ਤੇ ਫੈਕਟਰੀਆਂ ਤੇ ਹੋਦ ਚਿੱਲੜ ਦੇ ਪੂਰੇ ਪਿੰਡ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ।

ਆਰਟੀਆਈ ਰਾਹੀਂ ਮਿਲੀ ਸੂਚਨਾ ਅਨੁਸਾਰ ਗੁੜਗਾਉਂ ਵਿਚ 121 ਹੈੱਡ ਕਾਂਸਟੇਬਲ ਤੇ 697 ਸਿਪਾਹੀ ਤਾਇਨਾਤ ਸਨ। ਇਨ੍ਹਾਂ ਸਾਰਿਆਂ ਦੀ ਡਿਊਟੀ ਸਿੱਖਾਂ ਨੂੰ ਬਚਾਉਣ ’ਤੇ ਸੀ ਪਰ ਅਸਲ ਵਿੱਚ ਪੁਲਿਸ ਨੇ ਹੀ ਸਿੱਖਾਂ ਨੂੰ ਮਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੋਹਾਨਾ ਚੌਕ ਵਿੱਚ ਇੱਕ ਪੁਲਿਸ ਅਫ਼ਸਰ, ਦੋ ਹੈੱਡ ਕਾਂਸਟੇਬਲ ਤੇ 18 ਕਾਂਸਟੇਬਲ ਮੌਜੂਦ ਸਨ ਤੇ ਇੱਥੇ ਹੀ ਛੇ ਜਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ ਸੀ।

ਗਿਆਸਪੁਰਾ ਨੇ ਦੱਸਿਆ ਕਿ 1984 ਵਿੱਚ ਹਰਿਆਣਾ ’ਚ ਭਜਨ ਲਾਲ ਦੀ ਕਾਂਗਰਸ ਸਰਕਾਰ ਸੀ ਤੇ ਉਸ ਨੇ 1982 ਦੀਆਂ ਏਸ਼ਿਆਈ ਖੇਡਾਂ ਦੌਰਾਨ ਸਿੱਖਾਂ ਨੂੰ ਜ਼ਲੀਲ ਕਰਕੇ ਇੰਦਰਾ ਗਾਂਧੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਅੱਜ ਵੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਜਿਸ ਦੀ ਅਗਲੀ ਪੇਸ਼ੀ 15 ਫਰਵਰੀ ਨੂੰ ਹੈ।

ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਇਸ ਮਾਮਲੇ ਨੂੰ ਲਟਕਾਉਂਦੀ ਆ ਰਹੀ ਹੈ ਤੇ ਹਰ ਵਾਰ ਤਰੀਕਾਂ ਅੱਗੇ ਪੁਆ ਲੈਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਸਿੱਖਾਂ ਦੀ ਹਮਦਰਦ ਹੋਣ ਦਾ ਢਿੰਡੋਰਾ ਪਿੱਟਦੀ ਹੈ ਤੇ ਦੂਜੇ ਪਾਸੇ ਸਿੱਖਾਂ ਦੇ ਕਤਲ ਵਿੱਚ ਭੂਮਿਕਾ ਨਿਭਾਉਣ ਵਾਲੀ ਪੁਲਿਸ ਨੂੰ ਬਚਾਉਣ ਵਿੱਚ ਉਹ ਲੱਗੀ ਹੋਈ ਹੈ।

ਉਨ੍ਹਾਂ ਪਟੌਦੀ ਵਿੱਚ ਕਤਲ ਕੀਤੇ ਗਏ 47 ਸਿੱਖਾਂ, ਹੋਦ ਚਿੱਲੜ ਵਿੱਚ ਸੁਰਜੀਤ ਕੌਰ ਦੇ 12 ਜੀਆਂ ਤੇ ਬਲਵੰਤ ਸਿੰਘ ਦੇ ਕਤਲ ਕੀਤੇ ਗਏ 11 ਜੀਆਂ ਦੀ ਸੂਚੀ ਵੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਹੋਦ ਚਿੱਲੜ ਵਾਂਗ ਗੁੜਗਾਉਂ, ਪਟੌਦੀ ਦੇ ਮਾਮਲਿਆਂ ਵਿੱਚ ਵੀ ਪੁਲਿਸ ਵਿਰੁੱਧ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ।

Get real time updates directly on you device, subscribe now.

Leave A Reply

Your email address will not be published.