ਭਾਰਤੀ ਆਰਥਿਕਤਾ ਬਾਰੇ ਡਾ. ਮਨਮੋਹਨ ਸਿੰਘ ਦੇ ਵੱਡੇ ਖੁਲਾਸੇ

2,385

ਨਵੀਂ ਦਿੱਲੀ: ਭਾਰਤ ਦੀ ਡਾਂਵਾਂਡੋਲ ਆਰਥਿਕਤਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਹੀ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਦਾਰੀਕਰਨ ਦੀਆਂ ਨੀਤੀਆਂ ’ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਇਹ ਸਲਾਹ ਦਿੱਤੀ।

ਜੈਪੁਰ ਦੀ ਪ੍ਰਾਈਵੇਟ ਯੂਨੀਵਰਸਿਟੀ ’ਚ ਸ਼ਨੀਵਾਰ ਨੂੰ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬੀ, ਸਮਾਜਿਕ ਨਾਬਰਾਬਰੀ, ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਤੇ ਭ੍ਰਿਸ਼ਟਾਚਾਰ ਲੋਕਤੰਤਰ ਸਾਹਮਣੇ ਕੁਝ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ, ‘ਇਸ ਸਮੇਂ ਸਾਡੀ ਅਰਥ ਵਿਵਸਥਾ ਮੱਧਮ ਪੈਂਦੀ ਦਿਖਾਈ ਦੇ ਰਹੀ ਹੈ। ਜੀਡੀਪੀ ਦਰ ’ਚ ਗਿਰਾਵਟ ਆ ਰਹੀ ਹੈ। ਨਿਵੇਸ਼ ਦਰ ਸਥਿਰ ਹੈ। ਕਿਸਾਨ ਸੰਕਟ ’ਚ ਹੈ। ਬੈਂਕਿੰਗ ਪ੍ਰਣਾਲੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਭਾਰਤ ਨੂੰ ਪੰਜ ਹਜ਼ਾਰ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਸਾਨੂੰ ਇੱਕ ਚੰਗੀ ਤਰ੍ਹਾਂ ਨਾਲ ਸੋਚੀ-ਸਮਝੀ ਰਣਨੀਤੀ ਦੀ ਜ਼ਰੂਰਤ ਹੈ।’

ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਟੈਕਸ ਅਤਿਵਾਦ ਨੂੰ ਰੋਕਣਾ ਚਾਹੀਦਾ ਹੈ, ਵੱਖ ਵੱਖ ਵਿਚਾਰਾਂ ਦੀਆਂ ਆਵਾਜ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਹਰ ਪੱਧਰ ’ਤੇ ਸੰਤੁਲਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਉਦਾਰੀਕਰਨ ਦੀਆਂ ਨੀਤੀਆਂ ’ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣਾ ਸਮੇਂ ਦੀ ਮੁੱਖ ਮੰਗ ਹੈ।’ ਉਨ੍ਹਾਂ ਦੇਸ਼ ’ਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਿਧਾਂਤਵਾਦੀ, ਗਿਆਨੀ ਤੇ ਦੂਰਦਰਸ਼ੀ ਆਗੂਆਂ ਦੀ ਲੋੜ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤੀ ਆਰਥਿਕਤਾ ਨੂੰ ਲੈ ਕੇ ਲਗਾਤਾਰ ਫਿਕਰਮੰਦ ਹਨ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਦੇਸ਼ ਦੇ ਅਰਥਚਾਰੇ ਦੀ ‘ਨਿਘਰਦੀ ਹਾਲਤ’ ਡੂੰਘੀ ਫ਼ਿਕਰਮੰਦੀ ਦਾ ਵਿਸ਼ਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਨੂੰ ਲਾਂਭੇ ਰੱਖਣ ਤੇ ਅਰਥਚਾਰੇ ਨੂੰ ‘ਮਨੁੱਖ ਵੱਲੋਂ ਸਿਰਜੇ ਸੰਕਟ’ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ/ਸਮਝ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨ। ਕਾਂਗਰਸੀ ਆਗੂ ਨੇ ਸਾਫ਼ ਕਰ ਦਿੱਤਾ ਕਿ ਅਰਥਚਾਰੇ ਵਿੱਚ ਮੰਦੀ ਲਈ ਮੋਦੀ ਸਰਕਾਰ ਦੀਆਂ ‘ਚਹੁੰ-ਤਰਫ਼ਾ ਕੁਪ੍ਰਬੰਧ’ ਵਾਲੀਆਂ ਨੀਤੀਆਂ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ, ‘ਅਰਥਚਾਰੇ ਦੀ ਅੱਜ ਹਾਲਤ ਡੂੰਘੀ ਫ਼ਿਕਰਮੰਦੀ ਵਾਲੀ ਹੈ। ਪਿਛਲੀ ਤਿਮਾਹੀ ਵਿੱਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਿਕਾਸ ਦਰ ਦਾ 5 ਫੀਸਦ ਰਹਿਣਾ ਇਸ ਗੱਲ ਦਾ ਇਸ਼ਾਰਾ ਹੈ ਕਿ ਮੰਦੀ ਅਜੇ ਲੰਮੇ ਸਮੇਂ ਤਕ ਬਣੀ ਰਹੇਗੀ। ਭਾਰਤ ਇਸ ਤੋਂ ਕਿਤੇ ਵੱਧ ਰਫ਼ਤਾਰ ਨਾਲ ਵਿਕਸਤ ਹੋਣ ਦੀ ਸਮਰੱਥਾ ਰੱਖਦਾ ਹੈ, ਪਰ ਅਰਥਚਾਰੇ ਵਿੱਚ ਆਈ ਮੰਦੀ ਮੋਦੀ ਸਰਕਾਰ ਦੇ ਚਹੁ-ਤਰਫ਼ਾ ਕੁਪ੍ਰਬੰਧ ਦਾ ਨਤੀਜਾ ਹੈ।’

ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ/ਮਜ਼ਦੂਰ, ਉੱਦਮੀ ਤੇ ਹਾਸ਼ੀਏ ’ਤੇ ਧੱਕੇ ਵਰਗ ਇਸ ਤੋਂ ਬਿਹਤਰ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਮੰਦੀ ਦੇ ਰਾਹ ਹੋਰ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ, ‘ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਬਦਲੇਖੋਰੀ ਦੀ ਸਿਆਸਤ ਨੂੰ ਇਕ ਪਾਸੇ ਰੱਖਦਿਆਂ ਸਹੀ ਸੋਚ ਤੇ ਸਮਝ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਸਾਧੇ ਤਾਂ ਕਿ ਸਾਡਾ ਅਰਥਚਾਰਾ ਮਨੁੱਖ ਵੱਲੋਂ ਸਿਰਜੇ ਇਸ ਸੰਕਟ ’ਚੋਂ ਬਾਹਰ ਨਿਕਲ ਸਕੇ।’

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਸੈਕਟਰ ਦੀ ਵਿਕਾਸ ਦਰ ਦਾ 0.6 ਫੀਸਦ ਰਹਿਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ, ‘ਇਸ ਤੋਂ ਇਹ ਤਾਂ ਸਾਫ਼ ਹੈ ਕਿ ਸਾਡਾ ਅਰਥਚਾਰਾ ਨੋਟਬੰਦੀ ਤੇ ਕਾਹਲੀ ਵਿੱਚ ਲਾਗੂ ਕੀਤੇ ਜੀਐਸਟੀ ਜਿਹੀਆਂ ਮਨੁੱਖ ਵੱਲੋਂ ਕੀਤੀਆਂ ਬੱਜਰ ਗ਼ਲਤੀਆਂ ਤੋਂ ਅਜੇ ਤਕ ਉਭਰਨ ਵਿੱਚ ਨਾਕਾਮ ਰਿਹਾ ਹੈ।

Get real time updates directly on you device, subscribe now.

Leave A Reply

Your email address will not be published.