ਸੋਨੀਆ ਗਾਂਧੀ ਨੇ ਜਾਖੜ ਦਾ ਅਸਤੀਫ਼ਾ ਕੀਤਾ ਨਾਮਨਜ਼ੂਰ

1,078

ਚੰਡੀਗੜ੍ਹ (ਐਸ.ਐਸ. ਬਰਾੜ): ਅਖ਼ੀਰ ਕਾਂਗਰਸ ਹਾਈਕਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਰੱਦ ਕਰ ਕੇ ਉਨ੍ਹਾਂ ਨੂੰ ਅਪਣੇ ਅਹੁਦੇ ‘ਤੇ ਬਣੇ ਰਹਿਣ ਲਈ ਅੱਜ ਆਦੇਸ਼ ਜਾਰੀ ਕਰ ਦਿਤੇ। ਉਨ੍ਹਾਂ ਨੂੰ ਆਦੇਸ਼ ਦਿਤਾ ਗਿਆ ਹੈ ਕਿ ਉਹ ਬਿਨਾਂ ਦੇਰੀ ਅਪਣਾ ਅਹੁਦਾ ਸੰਭਾਲ ਕੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ। ਸਰਬ ਹਿੰਦ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਮੁਖੀ, ਆਸ਼ਾ ਕੁਮਾਰੀ ਨੇ ਸੁਨੀਲ ਜਾਖੜ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਹਾਈਕਮਾਨ ਨੇ ਰੱਦ ਕਰ ਦਿਤਾ ਹੈ ਅਤੇ ਉਹ ਅਪਣਾ ਅਹੁਦਾ ਸੰਭਾਲਣ।

Sonia GandhiSonia Gandhi

ਇਥੇ ਇਹ ਦਸਣਾਯੋਗ ਹੋਵੇਗਾ ਕਿ ਜਦ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਸੁਨੀਲ ਜਾਖੜ, ਗੁਰਦਾਸਪੁਰ ਹਲਕੇ ਤੋਂ ਚੋਣ ਹਾਰ ਗਏ। ਅਪਣੀ ਹਾਰ ਨੂੰ ਵੇਖਦਿਆਂ ਉਨ੍ਹਾਂ ਨੇ ਪ੍ਰਧਾਨਗੀ ਅਹੁਦੇ ਤੋਂ ਅਪਣਾ ਅਸਤੀਫ਼ਾ 23 ਮਈ ਨੂੰ ਰਾਹੁਲ ਗਾਂਧੀ ਨੂੰ ਭੇਜ ਦਿਤਾ। ਰਾਹੁਲ ਗਾਂਧੀ ਨੇ ਨਾ ਤਾਂ ਤਿੰਨ ਮਹੀਨਿਆਂ ਤਕ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਅਤੇ ਨਾ ਹੀ ਰੱਦ ਕੀਤਾ। ਜਾਖੜ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਵਿਚਕਾਰ ਲਟਕ ਰਹੇ ਹਨ। ਉਹ ਉਸ ਸਮੇਂ ਤੋਂ ਹੀ ਪੰਜਾਬ ਤੋਂ ਗਾਇਬ ਹਨ। ਜ਼ਿਆਦਾ ਸਮਾਂ ਦਿੱਲੀ ਵਿਚ ਹੀ ਗੁਜ਼ਾਰ ਰਹੇ ਹਨ।

Rahul GandhiRahul Gandhi

ਇਥੋਂ ਤਕ ਕਿ ਉਨ੍ਹਾਂ ਨੇ ਅਪਣਾ ਫ਼ੋਨ ਚੁਕਣਾ ਵੀ ਬੰਦ ਕਰ ਦਿਤਾ ਅਤੇ ਪਾਰਟੀ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਕਣ ਦੇ ਬਾਵਜੂਦ ਉਨ੍ਹਾ ਨੇ ਅਪਣਾ ਅਸਤੀਫ਼ਾ ਦੇ ਦਿਤਾ। ਮੁੱਖ ਮੰਤਰੀ ਵੀ ਉਨ੍ਹਾਂ ਦੇ ਅਸਤੀਫ਼ੇ ਤੋਂ ਖ਼ੁਸ਼ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਵਿਚੋਂ 8 ਸੀਟਾਂ ਉਪਰ ਬੜੀ ਵਧੀਆ ਜਿੱਤ ਪ੍ਰਾਪਤ ਕੀਤੀ ਹੈ।  ਉਨ੍ਹਾਂ ਦੀ ਹਾਰ ਦੇ ਕਾਰਨ ਕੁੱਝ ਹੋਰ ਹਨ। ਇਸ ਲਈ ਉਹ ਅਪਣਾ ਅਸਤੀਫ਼ਾ ਨਾ ਦੇਣ। ਜਦ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਉਪਰ ਵੀ ਧਿਆਨ ਨਾ ਦਿਤਾ ਤਾਂ ਫਿਰ ਕੈਪਟਨ ਵੀ ਖਾਮੋਸ਼ ਹੋ ਗਏ ਅਤੇ ਜਾਖੜ ਹੁਣ ਤਕ ਵਿਚਕਾਰ ਲਟਕਦੇ ਰਹੇ।

ਕੁੱਝ ਦਿਨ ਪਹਿਲਾਂ ਹੀ ਕੈਪਟਨ ਸਿੰਘ ਨੇ ਪਾਰਟੀ ਹਾਈਕਮਾਨ ਨੂੰ ਉਨ੍ਹਾਂ ਦਾ ਅਸਤੀਫ਼ਾ ਰੱਦ ਕਰਨ ਦਾ ਸੁਝਾਅ ਦਿਤਾ ਸੀ। ਜਿਉਂ ਹੀ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਦੀ ਵਾਂਗਡੋਰ ਸੰਭਾਲੀ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਸੰਗਠਨਾਂ ਵਲ ਧਿਆਨ ਦਿਤਾ। ਪਹਿਲਾਂ ਉਨ੍ਹਾਂ ਹਰਿਆਣਾ ਦਾ ਮਸਲਾ ਹੱਲ ਕੀਤਾ ਅਤੇ ਪਿਛਲੇ ਦੋ ਦਿਨਾਂ ਤੋਂ ਹੋ ਰਹੀਆਂ ਮੀਟਿੰਗਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਜ਼ਿਮਨੀ ਚੋਣਾਂ ਕਾਰਨ ਉਨ੍ਹਾਂ ਦਾ ਅਸਤੀਫ਼ਾ ਰੱਦ ਕਰਨ ਦਾ ਸੁਝਾਅ ਦਿਤਾ ਅਤੇ ਸੋਨੀਆ ਗਾਂਧੀ ਨੇ ਸੁਝਾਅ ਮਨ ਲਿਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਚਾਰ ਸੀਟਾਂ ਉਪਰ ਜ਼ਿਮਨੀ ਚੋਣਾਂ ਕਾਰਨ ਉਨ੍ਹਾਂ ਦਾ ਅਸਤੀਫ਼ਾ ਰੱਦ ਕੀਤਾ ਗਿਆ ਹੈ। ਭਵਿੱਖ ਵਿਚ ਪਾਰਟੀ ਪ੍ਰਧਾਨਗੀ ਉਪਰ ਮੁੜ ਗੌਰ ਹੋ ਸਕਦੀ ਹੈ।

Get real time updates directly on you device, subscribe now.

Leave A Reply

Your email address will not be published.