ਅੰਮ੍ਰਿਤਸਰ ਵਿਚ ਦੇਰ ਰਾਤ ਨੂੰ ਦੋ ਧਮਾਕਿਆਂ ਤੋਂ ਬਾਅਦ ਦਹਿਸ਼ਤ ਦਾ ਮਾਹੌਲ

71

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿਚ ਬੁੱਧਵਾਰ, 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਕਾਰ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।

ਅਜੇ ਤੱਕ ਇਹ ਸਾਫ ਨਹੀਂ ਹੈ ਕਿ ਆਵਾਜ਼ਾਂ ਕਿੱਥੋਂ ਆਈਆਂ। ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਦੱਸਿਆ, “ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ ‘ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਹ ਸੋਨਿਕ ਬੂਮ ਹੋਵੇ।”

ਸੋਨਿਕ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਹਾਜ਼ ਜਾਂ ਹੋਰ ਕੋਈ ਚੀਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਦੀ ਹੈ। ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਗੁਰ ਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਇੰਝ ਲੱਗਿਆ ਕਿ ਘਰ ਹੀ ਹਿਲ ਗਿਆ ਹੋਵੇ। ਹਰਿਮੰਦਰ ਸਾਹਿਬ ਨੇੜੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਵੀ ਆਵਾਜ਼ ਸੁਣੀ।

ਸੋਸ਼ਲ ਮੀਡੀਆ ਉੱਪਰ ਇਸ ਸਰਹੱਦੀ ਇਲਾਕੇ ਦੇ ਕਈ ਲੋਕਾਂ ਨੇ ਆਵਾਜ਼ ਨੂੰ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨਾਲ ਵੀ ਜੋੜਿਆ ਅਤੇ ‘ਬੰਬ’ ਸੁੱਟੇ ਜਾਣ ਦਾ ਡਰ ਵੀ ਜ਼ਾਹਿਰ ਕੀਤਾ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, “ਕਿਸੇ ਅਣਹੋਣੀ ਘਟਨਾ ਦੀ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।”

ਐਡੀਸ਼ਨਲ ਪੁਲਿਸ ਕਮਿਸ਼ਨਰ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵੇਰਕਾ, ਹਰਿਮੰਦਰ ਸਾਹਿਬ ਦੇ ਨੇੜੇ ਦੇ ਇਲਾਕੇ, ਸੁਲਤਾਨਵਿੰਡ, ਛਰਹਾਟਾ, ਏਅਰਪੋਰਟ, ਰੇਲਵੇ ਸਟੇਸ਼ਨ, ਬਸ ਸਟੈਂਡ ਦੇ ਆਸ-ਪਾਸ ਅਤੇ ਹੋਰ ਕਈ ਇਲਾਕਿਆਂ ਤੋਂ ਜਾਣਕਾਰੀ ਮੰਗਵਾਈ ਪਰ ਕਿਸੇ ਘਟਨਾ ਦੀ ਰਿਪੋਰਟ ਨਹੀਂ ਮਿਲੀ।”

ਪਿਛਲੇ ਮਹੀਨੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੇ ਗਏ ਏਅਰ ਸਟ੍ਰਾਈਕ ਕਰਕੇ ਤਣਾਅ ਦਾ ਮਾਹੌਲ ਹੈ।

Leave A Reply

Your email address will not be published.