ਆਪ’ ‘ਚ ਰਹਿਣਾ ਤਾਂ ਅਨੁਸ਼ਾਸਨ ਸਿੱਖਣ ਖਹਿਰਾ: ਮਾਨ

116

 

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਅਨੁਸਾਸ਼ਨ ਵਿੱਚ ਰਹਿ ਕੇ ਪਾਰਟੀ ਲਈ ਕੰਮ ਕਰਨਗੇ ਤਾਂ ਉਨ੍ਹਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਅੱਜ ਅੰਮ੍ਰਿਤਸਰ ਪੁੱਜੇ ਅਤੇ ਪਾਰਟੀ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਲੋਕ ਸਭਾ ਦੇ ਦਫ਼ਤਰ ਦਾ ਉਦਘਾਟਨ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਦੇ ਨਾਲ ਚੱਲਦੀ ਹੈ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਖਹਿਰਾ ਨੂੰ ਕੰਮ ਕਰਨਾ ਪਵੇਗਾ। ਸੁਖਪਾਲ ਖਹਿਰਾ ਵੱਲੋਂ ਦਿੱਲੀ ਤੋਂ ਪਾਰਟੀ ਕੰਟਰੋਲ ਹੋਣ ਦੇ ਦੋਸ਼ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੁਖਪਾਲ ਖਹਿਰਾ ਨੂੰ ਭੁਲੱਥ ਤੋਂ ਟਿਕਟ ਦਿੱਤੀ ਗਈ ਸੀ ਤਾਂ ਉਹ ਵੀ ਪਾਰਟੀ ਹਾਈਕਮਾਂਡ ਨੇ ਦਿੱਲੀ ਤੋਂ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਹੁਣ ਸਿਮਰਨਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨਾਲ ਗਿਟਮਿਟ ਕਰ ਰਹੇ ਹਨ।

ਭਵਿੱਖ ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸਾਲ 2019 ਵਿੱਚ ਫੈਸਲਾ ਲੋਕਾਂ ਨੇ ਕਰਨਾ ਹੈ ਪਰ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਭਗਵੰਤ ਮਾਨ ਨੇ ਅਕਾਲੀ ਦਲ ਵਿੱਚ ਟਕਸਾਲੀ ਅਕਾਲੀ ਆਗੂਆਂ ਵੱਲੋਂ ਵਿੱਢੇ ਸੰਘਰਸ਼ ਦੇ ਮੁੱਦੇ ‘ਤੇ ਕਿਹਾ ਕਿ ਉਨ੍ਹਾਂ ਪਾਰਟੀ ਲਈ ਜੇਲ੍ਹਾਂ ਕੱਟੀਆਂ ਹਨ ਅਤੇ ਹੁਣ ਉਹ ਸਹੀ ਕਰ ਰਹੇ ਹਨ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਅਕਾਲੀ ਦਲ 1920 ਵਿੱਚ ਹੋਂਦ ਵਿੱਚ ਆਇਆ ਸੀ ਅਤੇ 2019 ਵਿੱਚ ਸਮਾਪਤ ਹੋ ਜਾਵੇਗਾ।

ਇਤਿਹਾਸ ਵਿਸ਼ੇ ਦੀਆਂ ਕਿਤਾਬਾਂ ਦੇ ਪਾਠਕ੍ਰਮ ਨਾਲ ਛੇੜਛਾੜ ਦੇ ਮੁੱਦੇ ‘ਤੇ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਇਤਿਹਾਸ ਨਾਲ ਛੇੜਛਾੜ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੇ ਕੀਤੀ ਹੈ ਅਤੇ ਹੁਣ ਅਕਾਲੀ ਦਲ ਕਿਸ ਮੂੰਹ ਨਾਲ ਪ੍ਰਦਰਸ਼ਨ ਕਰ ਰਹੇ ਹਨ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਰੇਲ ਹਾਦਸਾ ਪੀੜਤਾਂ ਲਈ ਇੱਕ-ਇੱਕ ਕਰੋੜ ਰੁਪਏ ਦੀ ਮੰਗ ਨੂੰ ਜਾਇਜ਼ ਠਹਿਰਾਇਆ ਪਰ ਨਾਲ ਹੀ ਸਵਾਲ ਕੀਤਾ ਕਿ ਅਕਾਲੀ ਸਰਕਾਰ ਵੇਲੇ ਬਾਦਲ ਦੀਆਂ ਔਰਬਿਟ ਬੱਸਾਂ ਹੇਠਾਂ ਆ ਕੇ ਮਾਰੇ ਗਏ ਕਿੰਨੇ ਕੁ ਲੋਕਾਂ ਨੂੰ ਇੱਕ-ਇੱਕ ਕਰੋੜ ਰੁਪਿਆ ਮੁਆਵਜ਼ਾ ਦਿੱਤਾ ਗਿਆ ਹੈ।

ਭਗਵੰਤ ਮਾਨ ਨੇ ਨੋਟਬੰਦੀ ਦੇ ਮੁੱਦੇ ‘ਤੇ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਖ਼ੂਬ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਨੋਟਬੰਦੀ ਇੱਕ ਬਹੁਤ ਵੱਡਾ ਘਪਲਾ ਹੈ, ਜਿਸ ਨੇ ਦੇਸ਼ ਦੇ ਲੋਕਾਂ ਦਾ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਅੰਬਾਨੀ ਨੂੰ ਫਾਇਦਾ ਪਹੁੰਚਾਇਆ। ਮਾਨ ਨੇ ਰਾਫ਼ੇਲ ਸੌਦੇ ‘ਤੇ ਵੀ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ।

Leave A Reply

Your email address will not be published.