ਨਸ਼ਾ ਕੇਸ ‘ਚ ਥਾਣੇਦਾਰ ਨੇ ਲਈ ਲੱਖਾਂ ਦੀ ਰਿਸ਼ਵਤ, ਧੋਣਾ ਪਿਆ ਨੌਕਰੀ ਤੋਂ ਹੱਥ

108

ਅੰਮ੍ਰਿਤਸਰ: ਨਸ਼ੇ ਦੇ ਮਾਮਲੇ ਵਿੱਚ ਥਾਣੇਦਾਰ ਵੱਲੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ‘ਤੇ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਹੈ। ਦੋਸ਼ੀ ਥਾਣੇਦਾਰ ਤੋਂ ਪੁਲਿਸ ਨੇ ਪੰਜ ਲੱਖ ਰੁਪਏ ਬਰਾਮਦ ਵੀ ਕਰ ਲਏ ਹਨ। ਅਜਨਾਲਾ ਥਾਣੇ ਦੇ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਡਰੱਗ ਕੇਸ ਵਿੱਚੋਂ ਮੁਲਜ਼ਮ ਨੂੰ ਨਸ਼ਾ ਕੇਸ ਵਿੱਚੋਂ ਛੁਟਕਾਰਾ ਦਿਵਾਉਣ ਬਦਲੇ ਸੱਤ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਥਾਣੇਦਾਰ ਤੋਂ ਪੰਜ ਲੱਖ ਰੁਪਏ ਜ਼ਬਤ ਕਰ ਲਏ ਹਨ ਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ (ਦਿਹਾਤੀ) ਦੇ ਸੀਨੀਅਰ ਪੁਲਿਸ ਕਪਤਾਨ ਪਰਮਪਾਲ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਦੇ ਐਸਐਚਓ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਖ਼ਿਲਾਫ਼ 15-03-2019 ਨੂੰ ਨਸ਼ਾ ਵਿਰੋਧੀ ਕਾਨੂੰਨ (ਐਨਡੀਪੀਐਸ) ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਸ ਨੇ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਕੇਸ ਨੂੰ ਕਮਜ਼ੋਰ ਕਰਨ ਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਜਿਸ ਵਿੱਚੋਂ ਉਸ ਨੇ ਧੀਰਜ ਕੁਮਾਰ ਤੋਂ ਸੱਤ ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ ਤਿੰਨ ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ।

ਧੀਰਜ ਨੇ ਇਸ ਦੀ ਸ਼ਿਕਾਇਤ ਧੀਰਜ ਐਸਐਸਪੀ ਦਿਹਾਤੀ ਨੂੰ ਦਿੱਤੀ ਤਾਂ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਪਾਇਆ ਗਿਆ ਕਿ ਮਨਜਿੰਦਰ ਸਿੰਘ ਵੱਲੋਂ ਸੱਤ ਲੱਖ ਰੁਪਏ ਰਿਸ਼ਵਤ ਲਈ ਹੈ ਅਤੇ ਤਿੰਨ ਲੱਖ ਹੋਰ ਮੰਗ ਰਿਹਾ ਸੀ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਕਿ ਮੈਜਿਸਟਰੇਟ ਦੀ ਹਾਜ਼ਿਰੀ ਵਿੱਚ ਮਨਜਿੰਦਰ ਸਿੰਘ ਤੋਂ ਰਿਸ਼ਵਤ ਦੀ ਰਕਮ ਵਿੱਚੋਂ 5 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਮਨਜਿੰਦਰ ਸਿੰਘ ਨੂੰ ਡਿਸਮਿਸ ਕਰਕੇ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਕਾਰਵਾਈਆਂ ਦੀ ਵੀ ਜਾਂਚ ਕੀਤੀ ਜਾਵੇਗੀ।

Leave A Reply

Your email address will not be published.