ਨਿਰੰਕਾਰੀ ਮਿਸ਼ਨ ਨੇ ਸ਼ਬਦ ‘ਨਿਰੰਕਾਰੀ’ ਦਾ ਲਿਆ ਕਾਪੀ ਰਾਈਟ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

149

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੰਕਾਰੀ ਮਿਸ਼ਨ ਦਿੱਲੀ ਵੱਲੋਂ ‘ਨਿਰੰਕਾਰੀ’ ਸ਼ਬਦ ਦਾ ਕਾਪੀ ਰਾਈਟ ਲੈਣ ਦੀ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਹੈ। ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਰੰਕਾਰੀ ਮਿਸ਼ਨ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਿੱਜੀ ਤੌਰ ’ਤੇ ਪਾਵਨ ਗੁਰਬਾਣੀ ਦੇ ਕਿਸੇ ਸ਼ਬਦ ਦਾ ਕਾਪੀ ਰਾਈਟ ਲਵੇ।

ਭਾਈ ਲੌਂਗੋਵਾਲ ਨੇ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਬਾਰੇ ਕਾਨੂੰਨੀ ਮਾਹਿਰਾਂ ਦੀ ਰਾਏ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਇੱਕ-ਇੱਕ ਸ਼ਬਦ ਸਿੱਖ ਸੰਗਤਾਂ ਦੇ ਨਾਲ-ਨਾਲ ਸਮੁੱਚੇ ਵਿਸ਼ਵ ਵਿੱਚ ਵੱਸਦੀ ਸੰਗਤ ਲਈ ਇਲਾਹੀ ਹੈ। ਕੁਝ ਲੋਕ ਜਾਣ-ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ਬਦ-ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੋ ਲੋਕ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਮਨੁੱਖਤਾ ਵਿੱਚ ਵੰਡ ਪਾ ਰਹੇ ਹਨ, ਸੰਗਤ ਨੂੰ ਵੀ ਉਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

Leave A Reply

Your email address will not be published.