ਭਾਰਤੀ ਸਰਹੱਦ ‘ਚ ਵੀ ਚੱਲ ਰਿਹੈ ਪਾਕਿਸਤਾਨੀ ਮੋਬਾਇਲ ਕੰਪਨੀਆਂ ਦਾ ਨੈੱਟਵਰਕ

85

ਅੰਮ੍ਰਿਤਸਰ  : ਪਾਕਿਸਤਾਨ ਨਾਲ ਲੱਗਦੇ ਅੰਮ੍ਰਿਤਸਰ ਦੇ 120 ਕਿਲੋਮੀਟਰ ਲੰਬੇ ਬਾਰਡਰ ‘ਤੇ ਕੁਝ ਸਥਾਨਾਂ ‘ਤੇ ਭਾਰਤੀ ਸੀਮਾ ਦੇ ਅੰਦਰ ਵੀ ਪਾਕਿਸਤਾਨੀ ਮੋਬਾਇਲ ਕੰਪਨੀਆਂ ਦਾ ਨੈੱਟਵਰਕ ਚੱਲ ਰਿਹਾ ਹੈ, ਜਿਸ ਨਾਲ ਹੈਰੋਇਨ ਦੀ ਸਪਲਾਈ ਕਰਨ ਬਾਰਡਰ ਫੈਂਸਿੰਗ ਦੇ ਆਸ-ਪਾਸ ਆਉਣ ਵਾਲੇ ਪਾਕਿਸਤਾਨੀ ਸਮੱਗਲਰਾਂ ਨੂੰ ਸਹੂਲਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਬਾਰਡਰ ਫੈਂਸਿੰਗ ਕੋਲ ਆ ਕੇ ਭਾਰਤੀ ਨੰਬਰ ਲੈਣ ਦੀ ਲੋੜ ਨਹੀਂ ਪੈਂਦੀ ਅਤੇ ਸਮੱਗਲਰਾਂ ਦਾ ਸਮਾਂ ਵੀ ਬਰਬਾਦ ਨਹੀਂ ਹੁੰਦਾ। ਇਸ ਸਬੰਧੀ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਰਿਪੋਰਟ ਭੇਜੀ ਗਈ ਹੈ ਕਿ ਪਾਕਿਸਤਾਨੀ ਮੋਬਾਇਲ ਕੰਪਨੀਆਂ ਦਾ ਨੈੱਟਵਰਕ ਭਾਰਤੀ ਸੀਮਾ ਦੇ 1-2 ਕਿਲੋਮੀਟਰ ਅੰਦਰ ਦੇ ਇਲਾਕੇ ‘ਚ ਨਹੀਂ ਚੱਲਣਾ ਚਾਹੀਦਾ।

ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਅੱਤਵਾਦੀ ਤੋਂ ਫੜੀ ਗਈ ਖਤਰਨਾਕ 5.56 ਐੱਮ-4 ਕਾਰਬਾਈਨ ਯੂ. ਐੱਸ. ਆਰਮੀ ਦੀ ਹੈ, ਜਿਸ ਉਪਰ ਬਾਕਾਇਦਾ ਯੂ. ਐੱਸ. ਗੌਰਮੈਂਟ ਦੀ ਪ੍ਰਾਪਰਟੀ ਲਿਖਿਆ ਵੀ ਹੋਇਆ ਹੈ। ਯੂ. ਐੱਸ. ਆਰਮੀ ਦੀ ਸਰਕਾਰੀ ਕਾਰਬਾਈਨ ਪਾਕਿਸਤਾਨੀ ਅੱਤਵਾਦੀ ਕੋਲ ਕਿਵੇਂ ਆਈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਵੱਖ-ਵੱਖ ਨੰਬਰਾਂ ਤੋਂ ਫੋਨ ਕਰ ਰਿਹਾ ਸੀ ਅੱਤਵਾਦੀ
ਪਾਕਿਸਤਾਨੀ ਅੱਤਵਾਦੀ ਅੰਮ੍ਰਿਤਸਰ ਤੇ ਆਸ-ਪਾਸ ਦੇ ਭਾਰਤੀ ਸਮੱਗਲਰਾਂ ਨਾਲ ਵੱਖ-ਵੱਖ ਮੋਬਾਇਲ ਨੰਬਰਾਂ ਨਾਲ ਸੰਪਰਕ ਕਰ ਰਿਹਾ ਸੀ। ਬੀ. ਐੱਸ. ਐੱਫ. ਨੂੰ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੇ ਕਬਜ਼ੇ ‘ਚੋਂ 4 ਮੋਬਾਇਲ ਤੇ ਬੈਟਰੀਆਂ ਮਿਲੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਅੰਮ੍ਰਿਤਸਰ ਦੇ ਸਮੱਗਲਰਾਂ ਨਾਲ ਸੰਪਰਕ ਕਰ ਰਿਹਾ ਸੀ ਤਾਂ ਕਿ ਭਾਰਤੀ ਸੁਰੱਖਿਆ ਏਜੰਸੀਆਂ ਉਸ ਦੇ ਮੋਬਾਇਲ ਨੰਬਰਾਂ ਨੂੰ ਟ੍ਰੇਸ ਨਾ ਕਰ ਸਕਣ। ਫਿਲਹਾਲ ਪਾਕਿਸਤਾਨੀ ਅੱਤਵਾਦੀ ਦੇ ਮੋਬਾਇਲਾਂ ‘ਚੋਂ ਪਾਕਿਸਤਾਨੀ ਸਮੱਗਲਰਾਂ ਦੇ ਵੀ ਮੋਬਾਇਲ ਨੰਬਰ ਮਿਲੇ ਹਨ, ਜਿਨ੍ਹਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।

ਝੋਨੇ ਦੇ ਸੀਜ਼ਨ ‘ਚ ਇਸ ਵਾਰ ਨਹੀਂ ਆਈ ਪਾਕਿਸਤਾਨ ਤੋਂ ਹੈਰੋਇਨ
ਬਾਰਡਰ ਫੈਂਸਿੰਗ ਦੇ ਦੋਵੇਂ ਪਾਸਿਓਂ ਝੋਨੇ ਤੇ ਕਣਕ ਦੀ ਖੜ੍ਹੀ ਫਸਲ ਦੇ ਸੀਜ਼ਨ ਵਿਚ ਹਰ ਸਾਲ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਰਬਾਂ ਰੁਪਏ ਦੀ ਹੈਰੋਇਨ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਝੋਨੇ ਦੇ ਸੀਜ਼ਨ ‘ਚ ਹੈਰੋਇਨ ਦੀ ਸਪਲਾਈ ਨਾਮਾਤਰ ਹੀ ਰਹੀ। ਇਸ ਦਾ ਵੱਡਾ ਕਾਰਨ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਵੀ ਹੈ ਅਤੇ ਬੀ. ਐੱਸ. ਐੱਫ. ਵੱਲੋਂ ਬਾਰਡਰ ‘ਤੇ ਸਖਤੀ ਵੀ ਕੀਤੀ ਗਈ ਹੈ। ਸੰਵੇਦਨਸ਼ੀਲ ਬੀ. ਓ. ਪੀਜ਼ ‘ਤੇ ਬੀ. ਐੱਸ. ਐੱਫ. ਨੇ ਵਾਧੂ ਨੌਜਵਾਨ ਤਾਇਨਾਤ ਕੀਤੇ ਹਨ। ਆਮ ਤੌਰ ‘ਤੇ ਝੋਨੇ ਦੀ ਫਸਲ ਦੇ ਸੀਜ਼ਨ ਵਿਚ ਪੰਜਾਬ ਬਾਰਡਰ ‘ਤੇ ਦਰਜਨਾਂ ਕੇਸ ਹੈਰੋਇਨ ਸੀਜ਼ਰ ਦੇ ਬੀ. ਐੱਸ. ਐੱਫ. ਵੱਲੋਂ ਬਣਾਏ ਜਾਂਦੇ ਹਨ ਪਰ ਇਸ ਵਾਰ ਸੀਜ਼ਰ ਕਾਫ਼ੀ ਹੋ ਗਏ ਹਨ। ਝੋਨੇ ਅਤੇ ਕਣਕ ਦੀ ਫਸਲ ਦੇ ਸੀਜ਼ਨ ਵਿਚ ਹੈਰੋਇਨ ਦੀ ਸਪਲਾਈ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਪਾਕਿਸਤਾਨੀ ਸਮੱਗਲਰ ਖੜ੍ਹੀ ਫਸਲ ਵਿਚ ਛੁਪ ਜਾਂਦੇ ਹਨ ਤੇ ਖੜ੍ਹੀ ਫਸਲ ਦੀ ਆੜ ਲੈ ਕੇ ਚੱਲਦੇ ਹਨ, ਜਿਸ ਨਾਲ ਉਨ੍ਹਾਂ ਨੂੰ ਹਨੇਰੇ ‘ਚ ਦੇਖ ਸਕਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।

ਪੰਜਾਬ ਬਾਰਡਰ ‘ਤੇ ਸਖਤੀ ਤੋਂ ਬਾਅਦ ਸਮੱਗਲਰਾਂ ਨੇ ਜੰਮੂ-ਕਸ਼ਮੀਰ ਤੇ ਰਾਜਸਥਾਨ ਬਾਰਡਰ ਦੇ ਰਸਤੇ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ‘ਚ ਜੰਮੂ ਪੁਲਸ ਵੱਲੋਂ 2 ਵੱਖ-ਵੱਖ ਕੇਸਾਂ ਵਿਚ ਲਗਭਗ 100 ਕਿਲੋ ਹੈਰੋਇਨ ਫੜੀ ਗਈ, ਜਦੋਂ ਕਿ ਐੱਨ. ਸੀ. ਬੀ. ਨੇ ਵੀ ਇਕ ਵੱਡੀ ਖੇਪ ਨੂੰ ਫੜਿਆ। ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਇਲਾਕੇ ‘ਚ ਰਹਿਣ ਵਾਲੇ 3 ਕਸ਼ਮੀਰੀ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਅੱਤਵਾਦ ਗਤੀਵਿਧੀਆਂ ਦੇ ਨਾਲ-ਨਾਲ ਹੈਰੋਇਨ ਦੀ ਸਮੱਗਲਿੰਗ ਦਾ ਕੰਮ ਕਰ ਰਹੇ ਸਨ।

ਇਸ ਤੋਂ ਇਲਾਵਾ ਗੁਜਰਾਤ ਐੱਸ. ਟੀ. ਐੱਫ. ਵੱਲੋਂ 100 ਕਿਲੋ ਤੋਂ ਵੱਧ ਹੈਰੋਇਨ ਦੀ ਖੇਪ ਨੂੰ ਫੜਿਆ ਜਾ ਚੁੱਕਾ ਹੈ, ਜਿਸ ਵਿਚ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਸੰਧੂ ਦੇ ਨਾਂ ਦਾ ਖੁਲਾਸਾ ਹੋਇਆ ਸੀ ਕਿ ਉਸ ਨੇ ਗੁਜਰਾਤ ਦੇ ਸਮੁੰਦਰੀ ਇਲਾਕੇ ਦੇ ਰਸਤੇ ਵਾਇਆ ਰਾਜਸਥਾਨ ਹੈਰੋਇਨ ਦੀ ਇਕ ਵੱਡੀ ਖੇਪ ਮੰਗਵਾਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਵੀ ਜਾਂਚ ਵਿਚ ਜੁਟੀਆਂ ਹੋਈਆਂ ਹੈ।

Leave A Reply

Your email address will not be published.