ਮੈਡਮ ਸਿੱਧੂ ਨੇ ਅੰਮ੍ਰਿਤਸਰ ਦੀਆਂ ਸੜਕਾਂ ਤੋਂ ਕੂੜਾ ਚੁੱਕ ਵਿੰਨ੍ਹਿਆ ਸਰਕਾਰ ’ਤੇ ਨਿਸ਼ਾਨਾ

84

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮਹਿਕਮਾ ਬਦਲੇ ਜਾਣ ਕਰਕੇ ਭਾਵੇਂ ਪੰਜਾਬ ਸਰਕਾਰ ਤੋਂ ਖ਼ਫ਼ਾ ਚੱਲ ਰਹੇ ਹਨ ਤੇ ਇਸ ਦੇ ਚੱਲਦਿਆਂ ਹੀ ਸਿੱਧੂ ਪਿਛਲੇ ਇਕ ਮਹੀਨੇ ਤੋਂ ਸਿਆਸਤ ਤੋਂ ਦੂਰ ਹਨ ਪਰ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਉਤਰ ਸਵੱਛ ਭਾਰਤ ਅਧੀਨ ਸਫ਼ਾਈ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਅਪਣੇ ਪੱਧਰ ’ਤੇ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ ਮੈਡਮ ਸਿੱਧੂ ਨੇ ਸੜਕਾਂ, ਖੰਭਿਆਂ ਤੇ ਪੁਲਾਂ ਹੇਠਾਂ ਲਗਾਏ ਗਏ ਬੂਟਿਆਂ ਦੇ ਨੇੜਿਓਂ ਕੂੜਾ ਚੁੱਕਿਆ ਅਤੇ ਸਫ਼ਾਈ ਕੀਤੀ।

ਮੈਡਮ ਸਿੱਧੂ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫ਼ਾਈ ਕਰਮਚਾਰੀਆਂ ਦੀ ਘੱਟ ਗਿਣਤੀ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਸਫ਼ਾਈ ਕਰਮਚਾਰੀਆਂ ਦੀ ਸੂਚੀ ਮੰਗੀ ਸੀ ਪਰ ਦੋ ਸਾਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਗੱਲ ਦਾ ਜਵਾਬ ਨਹੀਂ ਦਿਤਾ ਗਿਆ। ਨਾਲ ਹੀ ਮੈਡਮ ਸਿੱਧੂ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਅਤੇ ਉਨ੍ਹਾਂ ਦੀ ਮੁਹਿੰਮ ਅਗਾਂਹ ਵੀ ਜਾਰੀ ਰਹੇਗੀ।

ਦੱਸਣਯੋਗ ਹੈ ਕਿ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਮਹਿਕਮੇ ਬਦਲ ਦਿਤੇ ਸਨ। ਇਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਬਦਲ ਕੇ ਬਿਜਲੀ ਮੰਤਰਾਲਾ ਦੇ ਦਿਤਾ ਗਿਆ ਸੀ, ਜਿਸ ਮਗਰੋਂ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ ਤੇ ਉਨ੍ਹਾਂ ਨੇ ਅਜੇ ਤੱਕ ਅਪਣਾ ਨਵਾਂ ਮੰਤਰਾਲਾ ਨਹੀਂ ਸੰਭਾਲਿਆ ਹੈ।

 

Leave A Reply

Your email address will not be published.