ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਤੇ ਤਰਨਤਾਰਨ ਦੇ 3 ਸਮੱਗਲਰ

305

 

ਅੰਮ੍ਰਿਤਸਰ : ਗੁਰਦਾਸਪੁਰ ਤੇ ਪਠਾਨਕੋਟ ‘ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਲਗਾਤਾਰ 2 ਵਾਰ ਹਮਲਾ ਕੀਤੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਵਿਚ ਤੀਸਰੇ ਹਮਲੇ ਦਾ ਵੀ ਅਲਰਟ ਹੈ ਅਤੇ ਦੀਵਾਲੀ ਤੋਂ ਪਹਿਲਾਂ ਵੀ ਅੱਤਵਾਦੀ ਹਮਲਿਆਂ ਦਾ ਅਲਰਟ ਰਿਹਾ ਹੈ। ਇਸ ਮਾਮਲੇ ਵਿਚ ਬੀ. ਐੱਸ. ਐੱਫ. ਵੱਲੋਂ ਬੀ. ਓ. ਪੀ. ਰਾਮਕੋਟ ਦੇ ਇਲਾਕੇ ‘ਚ ਦੀਵਾਲੀ ਤੋਂ ਠੀਕ 2 ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਘੁਸਪੈਠੀਏ ਨੂੰ ਅੱਤਵਾਦੀ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਦੇ ਮੋਬਾਇਲਾਂ ‘ਚੋਂ ਸੁਰੱਖਿਆ ਏਜੰਸੀਆਂ ਨੂੰ ਦਰਜਨਾਂ ਭਾਰਤੀ ਸਮੱਗਲਰਾਂ ਦੇ ਮੋਬਾਇਲ ਨੰਬਰ ਮਿਲੇ ਹਨ, ਜਿਨ੍ਹਾਂ ਨੂੰ ਟ੍ਰੇਸ ਕਰ ਕੇ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ ਤੇ ਤਰਨਤਾਰਨ ਖੇਤਰ ਦੇ 3 ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਗ੍ਰਿਫਤਾਰ ਕੀਤੇ ਗਏ ਸਮੱਗਲਰ ਹੈਰੋਇਨ ਦੀ ਸਮੱਗਲਿੰਗ ਦਾ ਕੰਮ ਕਰਨ ਵਾਲੇ ਹਨ ਜਾਂ ਫਿਰ ਕਿਸੇ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਹਨ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਸਮੱਗਲਰਾਂ ਦੀ ਤਲਾਸ਼ ਵਿਚ ਵੀ ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਾਕਿਸਤਾਨੀ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਹੈਰੋਇਨ ਸਮੱਗਲਰਾਂ ਦੇ ਇਕ ਵੱਡੇ ਨੈੱਟਵਰਕ ਨੂੰ ਤਾਂ ਫੜਿਆ ਹੀ ਜਾ ਚੁੱਕਾ ਹੈ, ਉਥੇ ਹੀ ਇਸ ਕੇਸ ਵਿਚ ਸੁਰੱਖਿਆ ਏਜੰਸੀਆਂ ਅੱਤਵਾਦੀ ਹਮਲੇ ਦੇ ਐਂਗਲ ਨੂੰ ਵੀ ਤਲਾਸ਼ ਰਹੀਆਂ ਹਨ ਕਿਉਂਕਿ ਆਮ ਤੌਰ ‘ਤੇ ਹੈਰੋਇਨ ਸਪਲਾਈ ਕਰਨ ਵਾਲੇ ਪਾਕਿਸਤਾਨੀ ਕੁਰਿਅਰਾਂ ਕੋਲ ਕੋਈ ਵੱਡੇ ਹਥਿਆਰ ਨਹੀਂ ਹੁੰਦੇ। ਪਾਕਿਸਤਾਨੀ ਕੁਰਿਅਰ ਆਮ ਤੌਰ ‘ਤੇ ਆਪਣੇ ਨਾਲ ਪਿਸਟਲ ਆਦਿ ਲੈ ਕੇ ਹੀ ਬਾਰਡਰ ‘ਤੇ ਹੈਰੋਇਨ ਦੀ ਸਪਲਾਈ ਕਰਨ ਆਉਂਦੇ ਹਨ ਪਰ ਅਟਾਰੀ ਬਾਰਡਰ ਦੀ ਬੀ. ਓ. ਪੀ. ਰਾਮਕੋਟ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਤੋਂ ਖਤਰਨਾਕ 5.56 ਐੱਮ-4 ਕਾਰਬਾਈਨ ਤੇ 28 ਜ਼ਿੰਦਾ ਰੌਂਦ ਫੜੇ ਗਏ ਹਨ, ਜੋ ਆਮ ਤੌਰ ‘ਤੇ ਅੱਤਵਾਦੀ ਹੀ ਆਪਣੇ ਕੋਲ ਰੱਖਦੇ ਹਨ।

Leave A Reply

Your email address will not be published.