ਗਿਆਨੀ ਗੁਰਬਚਨ ਸਿੰਘ ਅਜੇ ਨਹੀਂ ਛੱਡਣਾ ਚਾਹੁੰਦੇ ਅਹੁਦਾ

416

ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀ ਚਰਚਾ ਹੈ ਪਰ ਗਿਆਨੀ ਗੁਰਬਚਨ ਸਿੰਘ ਅਜੇ ਅਹੁਦਾ ਛੱਡਣ ਦੇ ਰੌਂਅ ਵਿੱਚ ਨਹੀਂ ਹਨ। ਮੀਡੀਆ ਰਿਪੋਰਟਾਂ ਤੋਂ ਬਾਅਦ ਉਨ੍ਹਾਂ ਆਖਿਆ ਕਿ ਫਿਲਹਾਲ ਉਨ੍ਹਾਂ ਦਾ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ। ਅਸਤੀਫੇ ਬਾਰੇ ਮੀਡੀਆ ਰਿਪੋਰਟਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਕਰਨਗੇ ਤਾਂ ਪਹਿਲਾਂ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਚਰਚਾ ਜ਼ਰੂਰ ਕਰਨਗੇ। ਦਰਅਸਲ ਮੀਡੀਆ ਵਿੱਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀ ਤਿਆਰੀ ਕਰ ਲਈ ਹੈ। ਇਸ ਲਈ ਗਿਆਨੀ ਗੁਰਬਚਨ ਸਿੰਘ ਪਹਿਲਾਂ ਹੀ ਅਸਤੀਫਾ ਦੇਣ ਲਈ ਤਿਆਰ ਹਨ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਹੁਣ ਸਾਥ ਨਹੀਂ ਦਿੰਦੀ। ਉਹ ਇਸ ਜ਼ਿੰਮੇਵਾਰੀ ਵਾਲੇ ਅਹੁਦੇ ‘ਤੇ ਬਹੁਤੀ ਦੇਰ ਕੰਮ ਨਹੀਂ ਕਰ ਸਕਦੇ। ਇਹ ਵੀ ਚਰਚਾ ਹੈ ਕਿ ਨਵੇਂ ਜਥੇਦਾਰ ਦੀ ਭਾਲ ਤੇਜ਼ ਹੋ ਚੁੱਕੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਨਵੇਂ ਜਥੇਦਾਰ ਨੂੰ ਨਿਯੁਕਤ ਕਰੇਗੀ ਪਰ ਬਾਦਲ ਪਰਿਵਾਰ ਇਸ ਕਾਰਜ ਵਿੱਚ ਜੁਟਿਆ ਹੋਇਆ ਹੈ।

ਚਰਚਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਤੇ ਗੋਲ਼ੀਕਾਂਡਾਂ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਵਿੱਚ ਅਕਾਲੀ ਦਲ ਦਾ ਅਕਸ ਵਿਗੜਣ ਕਾਰਨ ਬਾਦਲ ਪਰਿਵਾਰ ਹੁਣ ਅਜਿਹੀ ‘ਆਗਿਆਕਾਰੀ’ ਸ਼ਖ਼ਸੀਅਤ ਦੀ ਤਲਾਸ਼ ਵਿੱਚ ਹੈ ਜਿਸ ਕੋਲ ਪੁਰਾਣੇ ਦਾਗ਼ ਧੋਣ ਦੀ ਸਮਰਥਾ ਵੀ ਹੋਵੇ। ਸੂਤਰਾਂ ਮੁਤਾਬਕ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿੱਚ ਕਾਮਯਾਬੀ ਮਿਲੀ ਤਾਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਨਵਾਂ ਜਥੇਦਾਰ ਦੇਵੇਗਾ।

ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਜੇ ਜਥੇਦਾਰ ਵੱਲੋਂ ਅਸਤੀਫ਼ੇ ਸਬੰਧੀ ਕੋਈ ਗੱਲ ਰੱਖਣਗੇ ਤਾਂ ਉਸ ’ਤੇ ਵਿਚਾਰ ਕੀਤੀ ਜਾਵੇਗੀ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਲੌਂਗੋਵਾਲ ਨੇ ਬੀਤੇ ਦਿਨ ਹੀ ਜਥੇਦਾਰ ਨੂੰ ਨਾ ਬਦਲਣ ਦੀ ਗੱਲ ਕਹੀ ਸੀ ਪਰ ਅਗਲੇ ਹੀ ਦਿਨ ਗੁਰਬਚਨ ਸਿੰਘ ਵੱਲੋਂ ਅਸਤੀਫ਼ੇ ਦਿੱਤੇ ਜਾਣ ਸਬੰਧੀ ਖ਼ਬਰਾਂ ਆ ਗਈਆਂ ਹਨ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਚਰਚਾ ਵਿੱਚ ਆਏ ਸਨ। ਹੁਣ ਅਗਸਤ 2018 ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਬਾਰੇ ਰਿਪੋਰਟ ਤੋਂ ਬਾਅਦ ਉਨ੍ਹਾਂ ਦਾ ਨਾਂਅ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗਿਆਨੀ ਗੁਰਬਚਨ ਸਿੰਘ ਉੱਪਰ ਸਿਆਸੀ ਦਬਾਅ ਹੇਠ ਕੰਮ ਕਰਨ ਅਤੇ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖ਼ਿਆਲ ਨਾ ਕਰਨ ਵਰਗੇ ਇਲਜ਼ਾਮ ਲੱਗੇ ਹਨ।

Leave A Reply

Your email address will not be published.