ਆਖਰ ਕੌਣ ਹੈ ਫ਼ਤਹਿਵੀਰ ਦੀ ਮੌਤ ਦਾ ਜ਼ਿੰਮੇਵਾਰ? ਹਾਈਕੋਰਟ ਨੇ ਕੈਪਟਨ ਸਰਕਾਰ ਤੋਂ ਮੰਗੀ ਰਿਪੋਰਟ

70

ਚੰਡੀਗੜ੍ਹ: ਸੰਗਰੂਰ ਦੇ ਭਗਵਾਨਪੁਰਾ ਵਿੱਚ 2 ਸਾਲਾਂ ਦੇ ਫ਼ਤਹਿਵੀਰ ਸਿੰਘ ਦੀ ਬੋਰਵੈੱਲ ਵਿੱਚ ਹੋਈ ਮੌਤ ਦਾ ਮਾਮਲਾ ਹਾਈਕੋਰਟ ਵਿੱਚ ਪਹੁੰਚ ਚੁੱਕਾ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਦੀ ਜਵਾਬਤਲਬੀ ਕਰਦਿਆਂ ਫਤਹਿ ਦੀ ਮੌਤ ‘ਤੇ ਉਸ ਕੋਲੋਂ 3 ਜੁਲਾਈ ਤਕ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ NDRF ਤੋਂ ਵੀ ਇਸ ਮਾਮਲੇ ‘ਤੇ ਸਟੇਟਸ ਰਿਪੋਰਟ ਮੰਗੀ ਗਈ ਹੈ। ਪੰਜਾਬ ਸਰਕਾਰ ਤੇ NDRF ਮਿਥੇ ਸਮੇਂ ‘ਚ ਰਿਪੋਰਟ ਦਾਖਲ ਕਰਨਗੇ।

ਦੱਸ ਦੇਈਏ ਫ਼ਤਹਿਵੀਰ ਦੀ ਮੌਤ ਬਾਅਦ ਸਰਕਾਰ ਤੇ ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਕੀਤੇ ਗਏ। ਇਸ ਤੋਂ ਬਾਅਦ ਕੁਝ ਨਾ ਬਣਦਾ ਵੇਖ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਮਾਮਲੇ ਸਬੰਧੀ ਤਿੰਨ ਪਟੀਸ਼ਨਾਂ ਪਾਈਆਂ ਗਈਆਂ। ਇਨ੍ਹਾਂ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 3 ਜੁਲਾਈ ਤਕ ਜਵਾਬ ਮੰਗਿਆ ਹੈ।

ਇਸ ਤੋਂ ਇਲਾਵਾ ਸੰਗਰੂਰ ਪ੍ਰਸ਼ਾਸਨ ਵਿੱਚ ਡੀਸੀ, ਐਸਐਸਪੀ, ਐਸਡੀਐਮ ਤੇ ਐਨਡੀਆਰਐਫ ਨੂੰ ਵੀ ਨੋਟਿਸ ਜਾਰੀ ਕਰਦਿਆਂ ਪੂਰੀ ਘਟਨਾ ਦੀ ਰਿਪੋਰਟ ਮੰਗੀ ਗਈ ਹੈ। ਪੂਰੇ ਮਾਮਲੇ ਦੀ ਸੁਣਵਾਈ ਵਿੱਚ ਭਾਰਤ ਸਰਕਾਰ ਦੇ ਵਕੀਲ ਸਤਪਾਲ ਜੈਨ ਵੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਵੀ ਮੰਨਿਆ ਕਿ ਜਿਸ ਤਰ੍ਹਾਂ ਇਹ ਘਟਨਾ ਹੋਈ, ਉਸ ਵਿੱਚ ਅੱਗੇ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਪਟੀਸ਼ਨਰ ਪਰਮਿੰਦਰ ਸੇਖੋਂ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਦਾਲਤ ਨੇ ਉਨ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਵਕੀਲ ਨੇ ਕਿਹਾ ਕਿ ਇਹ ਉਨ੍ਹਾਂ ਦੇ ਪੱਖ ਵਿੱਚ ਹੈ, ਸਰਕਾਰ ਆਪਣਾ ਰੁਖ਼ ਸਪਸ਼ਟ ਕਰੇਗੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਹੀਂ ਹੋਣਗੀਆਂ।

Leave A Reply

Your email address will not be published.