ਆਪ੍ਰੇਸ਼ਨ ਬਲੂ ਸਟਾਰ: ਫੌਜ ਦੇ ਖੁਲਾਸੇ ਮਗਰੋਂ ਕਸੂਤੇ ਘਿਰੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ

82

ਚੰਡੀਗੜ੍ਹ: ਆਪ੍ਰੇਸ਼ਨ ਬਲੂ ਸਟਾਰ ਵੇਲੇ ਭਾਰਤੀ ਫੌਜ ਵੱਲੋਂ ਜ਼ਬਤ ਕੀਤੇ ਸਿੱਖ ਇਤਿਹਾਸ ਦੇ ਬਹੁਮੁੱਲੇ ਦਸਤਾਵੇਜ਼ਾਂ ਬਾਰੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਫੌਜੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੇ ਗਏ ਸੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ। ਇਸ ਦੇ ਨਾਲ ਹੀ ਕੁਝ ਬਹੁਮੁੱਲੇ ਦਸਤਾਵੇਜ਼ ਕਰੋੜਾਂ ਰੁਪਏ ਵਿੱਚ ਵੇਚੇ ਜਾਣ ਦੀਆਂ ਰਿਪੋਰਟਾਂ ਆਉਣ ਮਗਰੋਂ ਵੀ ਸ਼੍ਰੋਮਣੀ ਕਮੇਟੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਉਧਰ, ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਅੱਜ ਸਾਬਕਾ ਤੇ ਮੌਜੂਦਾ ਸਕੱਤਰਾਂ ਦੀ ਮੀਟਿੰਗ ਬੁਲਾ ਲਈ ਹੈ। ਇਸ ਬਾਰੇ ਸਾਬਕਾ ਸਕੱਤਰਾਂ ਦੀ ਵੀ ਵੱਖ-ਵੱਖ ਰਾਏ ਸਾਹਮਣੇ ਆਈ ਹੈ। ਅੱਜ ਦੀ ਮੀਟਿੰਗ ਵਿੱਚ ਸੱਚ ਸਾਹਮਣੇ ਆਉਣ ਦੀ ਉਮੀਦ ਹੈ। ਦਰਅਸਲ ਫ਼ੌਜੀ ਆਪ੍ਰੇਸ਼ਨ ਬਲੂ ਸਟਾਰ ਸਮੇਂ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਇਸ ਵਿਚਲਾ ਅਮੁੱਲਾ ਖ਼ਜ਼ਾਨਾ ਗੁਆਚ ਗਿਆ ਸੀ। ਬਾਅਦ ਵਿੱਚ ਖ਼ੁਲਾਸਾ ਹੋਇਆ ਸੀ ਕਿ ਸਿੱਖ ਧਾਰਮਿਕ ਸਾਹਿਤ ਨਾਲ ਸਬੰਧਤ ਇਹ ਅਮੁੱਲਾ ਖ਼ਜ਼ਾਨਾ ਉਸ ਵੇਲੇ ਭਾਰਤੀ ਫ਼ੌਜ ਆਪਣੇ ਨਾਲ ਲੈ ਗਈ ਸੀ।

ਇਸ ਵਿਚ ਕਈ ਹੱਥ ਲਿਖਤ ਖਰੜੇ, ਪਾਵਨ ਸਰੂਪ, ਗੁਰਮਤਿ ਸਾਹਿਤ, ਸਿੱਖ ਇਤਿਹਾਸ ਨਾਲ ਸਬੰਧਤ ਅਹਿਮ ਪੁਸਤਕਾਂ ਸ਼ਾਮਲ ਸਨ। ਹੁਣ ਤਕ ਸ਼੍ਰੋਮਣੀ ਕਮੇਟੀ ਦਾਅਵਾ ਕਰਦੀ ਆਈ ਹੈ ਕਿ ਫ਼ੌਜ ਵੱਲੋਂ ਕੋਈ ਸਾਮਾਨ ਵਾਪਸ ਨਹੀਂ ਮਿਲਿਆ ਜਦਕਿ ਫ਼ੌਜ ਨੇ ਸਾਮਾਨ ਵਾਪਸ ਕਰਨ ਦੀ ਗੱਲ ਆਖੀ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸਥਿਤੀ ਸਪੱਸ਼ਟ ਨਹੀਂ। ਇਸੇ ਲਈ ਸਾਬਕਾ ਤੇ ਮੌਜੂਦਾ ਸਕੱਤਰਾਂ ਦੀ ਮੀਟਿੰਗ ਸੱਦੀ ਗਈ ਹੈ।

ਯਾਦ ਰਹੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਹ ਦਸਤਾਵੇਜ਼ ਦੇ ਇਤਿਹਾਸਕ ਸਮੱਗਰੀ ਹਾਸਲ ਕਰਨ ਲਈ ਕੇਂਦਰ ਸਰਕਾਰ ਕੋਲ ਵੀ ਪਹੁੰਚ ਕਰ ਚੁੱਕੇ ਹਨ। ਉਧਰ, ਇਹ ਨਵਾਂ ਖੁਲਾਸਾ ਹੋਣ ਮਗਰੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੀ ਸਵਾਲਾਂ ਵਿੱਚ ਘਿਰ ਗਏ ਹਨ। ਸ਼੍ਰੋਮਣੀ ਕਮੇਟੀ ਤੇ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਦਾ ਹੀ ਕਬਜ਼ਾ ਹੈ। ਇਸ ਲਈ ਹੈਰਾਨੀ ਵਾਲੀ ਇਹ ਗੱਲ਼ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ਼ ਦਾ ਪਤਾ ਹੀ ਨਹੀਂ ਕਿ ਫੌਜ ਨੇ ਦਸਤਾਵੇਜ਼ ਮੋੜੇ ਹਨ ਜਾਂ ਨਹੀਂ।।

Leave A Reply

Your email address will not be published.