‘ਆਪ’ ਦਾ ਕੈਪਟਨ ਨੂੰ ਸਵਾਲ, ਰਾਜਪਾਲ ਦੇ ਭਾਸ਼ਣ ‘ਚੋਂ ਮੈਨੀਫੈਸਟੋ ਕਿਉਂ ਗ਼ਾਇਬ ?

22

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਨੂੰ ਫੋਕਾ ਤੇ ਆਸਾ-ਉਮੀਦਾਂ ਤੋਂ ਸੱਖਣਾ ਕਰਾਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਰਾਜਪਾਲ ਦੇ ਭਾਸ਼ਣ ‘ਚ ਕਾਂਗਰਸ ਦਾ ਉਹ ਚੋਣ ਮੈਨੀਫੈਸਟੋ ਕਿਉਂ ਗ਼ਾਇਬ ਹੈ, ਜਿਸ ਰਾਹੀਂ ਉਨ੍ਹਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ ਤੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਨੂੰ ਗੁਮਰਾਹ ਕਰ ਕੇ ਦੋ ਸਾਲ ਪਹਿਲਾਂ ਆਪਣੀ ਸਰਕਾਰ ਬਣਾਈ ਸੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਉਹ ਰਾਜਪਾਲ ਵੀਪੀ ਸਿੰਘ ਬਦਨੌਰ ਕੋਲੋਂ ਝੂਠ ਬੁਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ‘ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ’ ਦੇ ਨਾਂ ‘ਤੇ ਸਭ ਤੋਂ ਵੱਡਾ ਝੂਠ ਬੋਲਿਆ ਹੈ। ਇਸ ਚੋਣ ਵਾਅਦੇ ਮੁਤਾਬਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਗਏ। ਕਰਜ਼ਾ ਮਾਫ਼ੀ ਦੇ ਨਾਂ ‘ਤੇ ਧੋਖਾ ਤੇ ਜ਼ਲਾਲਤ ਦਿੱਤੀ ਗਈ ਹੈ। ਇਸੇ ਕਰਕੇ ਦੋ ਸਾਲਾਂ ਅੰਦਰ 900 ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ 900 ਕਿਸਾਨਾਂ ਦੀ ਮੌਤ ਦੇ ਜ਼ਿੰਮੇਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ।

ਚੀਮਾ ਨੇ 72 ਘੰਟਿਆਂ ‘ਚ 2 ਗੈਂਗਰੇਪ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ‘ਚ ਸਰਕਾਰ ਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵਿੱਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ ਜਦਕਿ ਖ਼ੁਦ ਬਾਦਲਾਂ ਦੇ ਉਲੀਕੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲ ਦੇ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਬਾਰੇ ਕੈਪਟਨ ਸਰਕਾਰ ਨੂੰ ਬਿਲਕੁਲ ਗੈਰ-ਸੰਜੀਦਾ ਦੱਸਿਆ।

ਇਸ ਦੇ ਨਾਲ ਹੀ ਚੀਮਾ ਨੇ ਹਰ ਸੜਕ ਨੂੰ ਟੋਲ ਪਲਾਜ਼ਾ ਅਧੀਨ ਲਿਆਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਾਂਗ ਪੰਜਾਬ ਦੇ ਸਾਰੇ ਪੰਚ-ਸਰਪੰਚਾਂ, ਨੰਬਰਦਾਰਾਂ, ਫ਼ੌਜੀਆਂ ਤੇ ਸਾਬਕਾ ਫ਼ੌਜੀਆਂ ਨੂੰ ਟੋਲ ਪਲਾਜ਼ਾ ਤੋਂ ਰਾਹਤ ਦੇਣੀ ਚਾਹੀਦੀ ਹੈ। ਫ਼ਸਲਾਂ ਦੇ ਮੁਆਵਜ਼ੇ ਲਈ ਤੈਅ ਕੀਤਾ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਾਫ਼ੀ ਨਹੀਂ, ਇਸ ਲਈ ਉਨ੍ਹਾਂ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ। ਨੌਜਵਾਨਾਂ ਨੂੰ ਮੋਬਾਈਲ ਫੋਨਾਂ ਬਾਰੇ ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਫੋਨਾਂ ਨਾਲੋਂ ਨੌਕਰੀ-ਰੁਜ਼ਗਾਰ ਜ਼ਰੂਰੀ ਹੈ।

Leave A Reply

Your email address will not be published.