ਆਮ ਆਦਮੀ ਪਾਰਟੀ ‘ਚ ਫਿਰ ਧਮਾਕੇ, ਅਰੋੜਾ ਖਿਲਾਫ ਬਿਆਨਬਾਜ਼ੀ ਮਗਰੋਂ ਕੋਰ ਕਮੇਟੀ ਦਾ ਵੱਡਾ ਫੈਸਲਾ

1,327

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਅੰਦਰੂਨੀ ਕਲੇਸ਼ ਮੁੜ ਵਧ ਗਿਆ ਹੈ। ਵਿਧਾਇਕ ਅਮਨ ਅਰੋੜਾ ਵੱਲੋਂ ਬੇਅਦਬੀ ਮਾਮਲੇ ਬਾਰੇ ਪਾਰਟੀ ਦੇ ਸਟੈਂਡ ‘ਤੇ ਸਵਾਲ ਉਠਾਉਣ ਮਗਰੋਂ ਧੜੇਬੰਦੀ ਉੱਭਰ ਆਈ ਹੈ। ਪਾਰਟੀ ਲੀਡਰ ਜਸਬੀਰ ਸਿੰਘ ਬੀਰ ਨੇ ਇਸ ਨੂੰ ਅਨੁਸਾਸ਼ਨਹੀਨਤਾ ਕਰਾਰ ਦਿੱਤਾ ਸੀ। ਉਨ੍ਹਾਂ ਨੇ ਅਰੋੜਾ ਤੋਂ ਜਵਾਬ ਤਲਬ ਕਰਨ ਲਈ ਕਿਹਾ ਸੀ। ਇਸ ਤੋਂ ਅਗਲੇ ਹੀ ਦਿਨ ਅੱਜ ਪਾਰਟੀ ਦੀ ਕੋਰ ਕਮੇਟੀ ਨੇ ਸਾਬਕਾ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਭੇਜਣ ਦਾ ਫ਼ੈਸਲਾ ਲੈ ਲਿਆ।

ਸੋਮਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਜਸਬੀਰ ਸਿੰਘ ਬੀਰ ਦੇ ਹਵਾਲੇ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਬਾਰੇ ਟਿੱਪਣੀਆਂ ਦਾ ਸੂਬਾ ਕੋਰ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ।

ਸੋਮਵਾਰ ਸਵੇਰੇ ਫ਼ੋਨ ‘ਤੇ ਹੋਈ ਕਾਨਫ਼ਰੰਸ ਕਾਲ ਦੌਰਾਨ ਸੂਬਾ ਪ੍ਰਧਾਨ ਤੇ ਸੰਸਦ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਛਪੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਤੇ ਨਾ ਹੀ ਪਿਛਲੇ ਲੰਬੇ ਸਮੇਂ ਤੋਂ ਪਾਰਟੀ ‘ਚ ਸਰਗਰਮ ਹਨ। ਬੀਰ ਨੇ ਕਿਸ ਹੈਸੀਅਤ ‘ਚ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਆਪਹੁਦਰੀ ਬੈਠਕ ਬੁਲਾਉਣ ਦਾ ਫ਼ੈਸਲਾ ਕਰ ਲਿਆ, ਇਸ ਬਾਰੇ ਬੀਰ ਨੂੰ ਪਾਰਟੀ ਦੇ ਸਬੰਧਤ ਪਲੇਟਫ਼ਾਰਮ ‘ਤੇ ਸਪੱਸ਼ਟੀਕਰਨ ਦੇਣਾ ਪਵੇਗਾ।

ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਪਾਰਟੀ ਵਿਰੋਧੀ ਤਾਕਤਾਂ ਨਜ਼ਰ ਆ ਰਹੀਆਂ ਹਨ ਤੇ ਉਹ ਠੀਕ ਉਸ ਸਮੇਂ ਸਾਜ਼ਿਸ਼ ਤਹਿਤ ਕੋਈ ਨਾ ਕੋਈ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦ ਆਮ ਆਦਮੀ ਪਾਰਟੀ ਸੂਬੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਦੀ ਹੈ ਤੇ ਕੈਪਟਨ, ਮੋਦੀ ਤੇ ਬਾਦਲਾਂ ਦੀਆਂ ਲੋਕ ਵਿਰੋਧੀ ਸਰਕਾਰਾਂ ਤੋਂ ਅੱਕੇ ਲੋਕ ‘ਆਪ’ ਵੱਲ ਝੁਕਣ ਲੱਗਦੇ ਹਨ।

ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਅਮਨ ਅਰੋੜਾ ਦੇ ਕਿਸੇ ਬਿਆਨ ਨੂੰ ਲੈ ਕੇ ਜਸਬੀਰ ਸਿੰਘ ਬੀਰ ਦੀ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ, ਜਦਕਿ ਬੀਰ ਆਪਣੀ ਟਿੱਪਣੀ ‘ਚ ਅਮਨ ਅਰੋੜਾ ਦੇ ਬਿਆਨ ਬਾਰੇ ਅਨੁਸ਼ਾਸਨੀ ਕਮੇਟੀ ਸੱਦਣ ਲਈ ਭਗਵੰਤ ਮਾਨ ਨਾਲ ਗੱਲ ਹੋਣ ਦਾ ਹਵਾਲਾ ਦੇ ਰਹੇ ਹਨ ਜੋ ਸਿੱਧੇ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀ ਹੈ, ਜਿਸ ਲਈ ਜਸਬੀਰ ਸਿੰਘ ਬੀਰ ਤੋਂ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ।

‘ਆਪ’ ਆਗੂਆਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ 28 ਸਤੰਬਰ ਦੀ ਬੈਠਕ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਤੇ ਕੋਰ ਕਮੇਟੀ ਚੇਅਰਮੈਨ ਨੂੰ ਆਪਣੀ ਦਿੱਲੀ ਜਾਣ ਦੀ ਮਜਬੂਰੀ ਬਾਰੇ ਦੱਸ ਦਿੱਤਾ ਸੀ, ਇਸ ਲਈ ਅਮਨ ਅਰੋੜਾ ਦੀ ਮੀਟਿੰਗ ਚੋਂ ਗੈਰਹਾਜ਼ਰੀ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਬੀਰ ਨੇ ਇਸ ਗੱਲ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵਰਜ ਦਿੱਤਾ ਗਿਆ ਸੀ।

ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਕੋਰ ਕਮੇਟੀ ਨਾਲ ਵਿਚਾਰ-ਚਰਚਾ ਕੀਤੇ ਬਗੈਰ ਕਿਸੇ ਨੂੰ ਵੀ ‘ਅਨੁਸ਼ਾਸਨੀ ਕਮੇਟੀ’ ਦੀ ਬੈਠਕ ਬੁਲਾਉਣ ਦੀ ਇਜਾਜ਼ਤ ਨਹੀਂ। ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਨ ਅਰੋੜਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਤੇ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਵਾਂਗ ਕੈਪਟਨ ਦੇ ਮਾਫ਼ੀਆ ਰਾਜ ਤੋਂ ਨਿਜਾਤ ਦਿਵਾਉਣ ਲਈ ਹਰ ਮੋਰਚੇ ‘ਤੇ ਲੋਕਾਂ ਦੀ ਲੜਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ‘ਚ ਡਟ ਕੇ ਲੜੇਗੀ।

Leave A Reply

Your email address will not be published.