ਓਪੀ ਸੋਨੀ ਦੀ ਨਾਰਾਜ਼ਗੀ ਮਗਰੋਂ ਕੈਪਟਨ ਦਾ ਐਕਸ਼ਨ

32

ਚੰਡੀਗੜ੍ਹ: ਕੈਬਨਿਟ ਮੰਤਰੀ ਓਪੀ ਸੋਨੀ ਦੀ ਨਾਰਾਜ਼ਗੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਸਲਾਹਕਾਰੀ ਗਰੁੱਪ ਬਣਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ ਗਰੁੱਪਾਂ ਦੀ ਗਿਣਤੀ ਨੌਂ ਹੋ ਗਈ ਹੈ। ਇਹ ਗਰੁੱਪ ਸਰਕਾਰੀ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਤੇ ਇਨ੍ਹਾਂ ਦਾ ਅਨੁਮਾਨ ਲਾਉਣ ਲਈ ਗਠਿਤ ਕੀਤੇ ਗਏ ਹਨ।

ਕੈਪਟਨ ਨੇ ਅੱਠ ਗਰੁੱਪ ਬਣਾਏ ਸੀ ਜਿਨ੍ਹਾਂ ਵਿੱਚੋਂ ਕੈਬਨਿਟ ਮੰਤਰੀ ਓਪੀ ਸੋਨੀ ਤੇ ਨਵਜੋਤ ਸਿੱਧੂ ਨੂੰ ਲਾਂਭੇ ਰੱਖਿਆ ਗਿਆ ਸੀ। ਸੋਨੀ ਨੇ ਆਪਣਾ ਮੰਤਰਾਲਾ ਬਦਲਣ ਤੇ ਕਿਸੇ ਗਰੁੱਪ ਵਿੱਚ ਸ਼ਾਮਲ ਨਾ ਕਰਨ ‘ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਨ੍ਹਾਂ ਨੇ ਇਸ ਲਈ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ। ਨਵਜੋਤ ਸਿੱਧੂ ਮਗਰੋਂ ਸੋਨੀ ਦੇ ਬਾਗੀ ਸੁਰ ਵੇਖਦਿਆਂ ਹੀ ਕੈਪਟਨ ਨੇ ਇੱਕ ਹੋਰ ਗਰੁੱਪ ਬਣਾਉਣ ਦਾ ਐਲਾਨ ਕਰ ਦਿੱਤਾ ਹੈ।

ਮੈਡੀਕਲ ਸਿੱਖਿਆ ‘ਚ ਸੁਧਾਰ ਲਈ ਬਣਾਏ ਗਏ ਨਵੇਂ ਗਰੁੱਪ ਦਾ ਮੁਖੀ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਬਣਾਇਆ ਗਿਆ ਹੈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਹੋਰ ਮੈਂਬਰ ਹੋਣਗੇ। ਬਹੁਤ ਸਾਰੇ ਵਿਧਾਇਕ ਤੇ ਅਫ਼ਸਰ ਵੀ ਇਸ ਗਰੁੱਪ ਦਾ ਹਿੱਸਾ ਹੋਣਗੇ।

ਸਰਕਾਰੀ ਬੁਲਾਰੇ ਮੁਤਾਬਕ ਇਸ ਗਰੁੱਪ ਦਾ ਗਠਨ ਵੀ ਹੋਰ ਸਲਾਹਕਾਰੀ ਗਰੁੱਪਾਂ ਦੇ ਨਾਲ ਕੀਤਾ ਗਿਆ ਸੀ ਪਰ ਇਹ ਉਨ੍ਹਾਂ ਵਿੱਚੋਂ ਬੇਧਿਆਨੀ ਨਾਲ ਰਹਿ ਗਿਆ ਸੀ। ਮੁੱਖ ਮੰਤਰੀ ਵੱਲੋਂ ਗਠਿਤ ਕੀਤੇ ਗਏ ਇਨ੍ਹਾਂ ਗਰੁੱਪਾਂ ਦਾ ਉਦੇਸ਼ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚਲੇ ਪਾੜੇ ਨੂੰ ਪੂਰਨਾ ਹੈ। ਵੱਖ-ਵੱਖ ਪ੍ਰੋਗਰਾਮਾਂ ਤੇ ਸਕੀਮਾਂ ਦਾ ਅਨੁਮਾਨ ਲਾਉਣ ਤੋਂ ਇਲਾਵਾ ਇਹ ਗਰੁੱਪ ਲੋਕਾਂ ਦੀ ਵੀਡਬੈਕ ਦੇ ਆਧਾਰ ‘ਤੇ ਸੋਧਾਂ ਲਈ ਸੁਝਾਅ ਦੇਣਗੇ।

Leave A Reply

Your email address will not be published.