ਖ਼ਾਲਿਸਤਾਨੀਆਂ ਬਾਰੇ ਕੈਨੇਡਾ ਦੇ ਫੈਸਲੇ ਤੋਂ ਕੈਪਟਨ ਲੋਹੇ-ਲਾਖੇ

163

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਵੱਲੋਂ ਖ਼ਾਲਿਸਤਾਨੀ ਕੱਟੜਵਾਦ ਨੂੰ ਆਪਣੀ ਖ਼ਤਰਿਆਂ ਦੀ ਸੂਚੀ ਵਿੱਚੋਂ ਹਟਾਉਣ ਨੂੰ ਟਰੂਡੋ ਸਰਕਾਰ ਦਾ ਚੋਣ ਸਟੰਟ ਕਰਾਰ ਦਿੱਤਾ ਹੈ। ਕੈਪਟਨ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਅਸਰ ਨਾ ਸਿਰਫ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਬਲਕਿ ਪੂਰੀ ਦੁਨੀਆ ‘ਤੇ ਹੋਵੇਗਾ।

ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਫੈਸਲਾ ਪੂਰੀ ਦੁਨੀਆ ਵਿੱਚ ਸ਼ਾਂਤੀਪਸੰਦ ਲੋਕਾਂ ਲਈ ਨਾ ਮੁਆਫੀਯੋਗ ਹੈ। ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਨੇ ਚੋਣ ਵਰ੍ਹੇ ਦੌਰਾਨ ਆਪਣੇ ਸਿਆਸੀ ਮੁਫਾਦ ਪੂਰੇ ਕਰਨ ਲਈ ਅਜਿਹਾ ਕਦਮ ਚੁੱਕ ਲਿਆ।

ਕੈਪਟਨ ਨੇ ਕਿਹਾ ਕਿ ਆਪਣੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ ਦੇ ਸਬੂਤ ਦਿੱਤੇ ਸਨ ਕਿ ਕੈਨੇਡਾ ਦੀ ਧਰਤੀ ਖ਼ਾਲਿਸਤਾਨੀ ਸੋਚ ਵਾਲੇ ਵੱਖਵਾਦੀਆਂ ਵੱਲੋਂ ਵਰਤੀ ਜਾ ਰਹੀ ਹੈ। ਟਰੂਡੋ ਸਰਕਾਰ ਅਜਿਹੇ ਫੈਸਲੇ ਕਰਕੇ ਅੱਗ ਨਾਲ ਖੇਡ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੂੰ ਦਹਿਸ਼ਤੀ ਖ਼ਤਰਿਆਂ ਬਾਰੇ ਰਿਪੋਰਟ (2018 Public Report on the Terrorist Threat to Canada) ਵਿੱਚ ਸੋਧ ਕਰਕੇ ਪੀਐਮ ਜਸਟਿਨ ਟਰੂਡੋ ਨੇ ਬੀਤੇ ਸ਼ੁੱਕਰਵਾਰ ਜਾਰੀ ਕੀਤਾ ਸੀ।

ਟਰੂਡੋ ਦੇ ਇਸ ਕਦਮ ਨਾਲ ਭਾਰਤ ਹੈਰਾਨ ਹੈ ਤੇ ਭਾਰਤੀ ਅਧਿਕਾਰੀਆਂ ਨੇ ਇਸ ਨੂੰ ਕੈਨੇਡਾ ਦੇ ਕੁਝ ਗੁੱਟਾਂ ਵੱਲੋਂ ਪਾਏ ਦਬਾਅ ਦਾ ਨਤੀਜਾ ਦੱਸਿਆ ਹੈ। ਕੈਨੇਡਾ ਨੇ ਪੁਰਾਣੀ ਰਿਪੋਰਟ ਵਿੱਚ ਸਿੱਖ ਕੱਟੜਵਾਦ ਦੇ ਅੱਠ ਹਵਾਲਿਆਂ ਨੂੰ ਹਟਾ ਦਿੱਤਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੈਨੇਡਾ ਸਰਕਾਰ ਖ਼ਿਲਾਫ਼ ਬੋਲਣ ਲੱਗੇ ਹਨ।

Leave A Reply

Your email address will not be published.