ਪੂਰੀ ਸਖਤੀ ਮਗਰੋਂ ਵੀ 55 ਫੀਸਦੀ ਅਧਿਆਪਕ ਨੇ ਕਬੂਲੀ ਤਨਖਾਹ ਕਟੌਤੀ ਦੀ ਸ਼ਰਤ

40

ਚੰਡੀਗੜ੍ਹ: ਸਿੱਖਿਆ ਮਹਿਕਮੇ ਦੀ ਪੂਰੀ ਸਖਤੀ ਮਗਰੋਂ ਵੀ 55 ਫ਼ੀਸਦੀ ਅਧਿਆਪਕਾਂ ਨੇ ਹੀ ਤਨਖਾਹ ਕਟੌਤੀ ਦੀ ਸ਼ਰਤ ਮੰਨੀ ਹੈ। ਸਰਕਾਰ ਵੱਲੋਂ ਬਦਲੀਆਂ ਤੇ ਮੁਅੱਤਲੀਆਂ ਦੇ ਡਰਾਵੇ ਮਗਰੋਂ ਵੀ 45 ਫੀਸਦੀ ਅਧਿਆਪਕਾਂ ਨੇ ਸਰਕਾਰੀ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਦਰਅਸਲ ਸਰਕਾਰ ਨੇ ਐਸਐਸਏ ਤੇ ਰਮਸਾ ਵਰਗਾਂ ਦੇ ਠੇਕਾ ਅਧਿਆਪਕਾਂ ਅੱਗੇ 42,300 ਦੀ ਥਾਂ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਰੈਗੂਲਰ ਹੋਣ ਦੀ ਸ਼ਰਤ ਰੱਖੀ ਸੀ। ਸ਼ੁਰੂ ਵਿੱਚ ਸਰਕਾਰ ਦੀ ਇਸ ਪਹਿਲ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਬਦਲੀਆਂ ਤੇ ਮੁਅੱਤਲੀਆਂ ਦੇ ਡਰਾਵੇ ਮਗਰੋਂ ਇਹ ਅੰਕੜਾ 55 ਫੀਸਦੀ ਤੱਕ ਹੀ ਪਹੁੰਚਿਆ ਹੈ। ਉਂਝ ਸਰਕਾਰ ਨੇ ਦਾਅਵਾ ਕੀਤਾ ਸੀ ਕਿ 94 ਫੀਸਦੀ ਅਧਿਆਪਕ ਸ਼ਰਤ ਮੰਨਣ ਲਈ ਰਾਜ਼ੀ ਹਨ।

‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਰਿਪੋਰਟ ਮੁਤਾਬਕ ਇਸ ਪ੍ਰਕਿਰਿਆ ਤਹਿਤ ਕੁੱਲ 8734 ਅਧਿਆਪਕਾਂ ਵਿੱਚੋਂ 4772 (54.64 ਫ਼ੀਸਦ) ਨੇ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਮੰਗੀ ਆਪਸ਼ਨ ਅਨੁਸਾਰ 42,300 ਦੀ ਥਾਂ ਪਹਿਲੇ ਤਿੰਨ ਸਾਲ ਪਰਖ ਸਮੇਂ ਦੌਰਾਨ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਰੈਗੂਲਰ ਹੋਣ ਦੀ ਸਹਿਮਤੀ ਦੇ ਦਿੱਤੀ ਹੈ। ਦੂਜੇ ਪਾਸੇ 8734 ਅਧਿਆਪਕਾਂ ਵਿੱਚੋਂ 3962 (45.36 ਫ਼ੀਸਦੀ) ਅਧਿਆਪਕਾਂ ਨੇ ਇਸ ਆਪਸ਼ਨ ਨੂੰ ਕਲਿੱਕ ਨਾ ਕਰਕੇ 15,000 ਰੁਪਏ ਤਨਖਾਹ ’ਤੇ ਰੈਗੂਲਰ ਹੋਣ ਤੋਂ ਨਾਂਹ ਕਰ ਦਿੱਤੀ ਹੈ।

ਰਿਪੋਰਟ ਅਨੁਸਾਰ ਮਾਲਵੇ ਦੇ ਸਭ ਤੋਂ ਵੱਧ ਅਧਿਆਪਕਾਂ ਨੇ ਸਰਕਾਰ ਦੀ 15 ਹਜ਼ਾਰ ਰੁਪਏ ਤਨਖਾਹ ਵਿੱਚ ਰੈਗੂਲਰ ਹੋਣ ਦੀ ਆਪਸ਼ਨ ਉਪਰ ਮੋਹਰ ਲਾਈ ਹੈ। ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਲਵਾ ਖੇਤਰ ਵਿੱਚ ਇਸ ਵਰਗ ਦੇ 4444 ਠੇਕਾ ਅਧਿਆਪਕ ਸਨ, ਜਿਨ੍ਹਾਂ ਵਿਚੋਂ 2779 ਅਧਿਆਪਕਾਂ (63 ਫ਼ੀਸਦੀ) ਨੇ ਪਹਿਲੇ 3 ਸਾਲ 42,300 ਰੁਪਏ ਦੀ ਥਾਂ 15,000 ਰੁਪਏ ਵਿੱਚ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ। ਦੂਜੇ ਪਾਸੇ ਮਾਝਾ ਦੇ 1492 ਠੇਕਾ ਅਧਿਆਪਕਾਂ ਵਿੱਚੋਂ 655 (44 ਫ਼ੀਸਦ) ਅਧਿਆਪਕਾਂ ਨੇ 15 ਹਜ਼ਾਰ ਰੁਪਏ ਲੈਣ ਨੂੰ ਕਲਿੱਕ ਕੀਤਾ ਹੈ। ਦੁਆਬਾ ਖੇਤਰ ਨਾਲ ਸਬੰਧਤ ਅਧਿਆਪਕਾਂ ਨੇ ਸਰਕਾਰ ਦੀ ਪੇਸ਼ਕਸ਼ ਨੂੰ ਵੱਡੇ ਪੱਧਰ ’ਤੇ ਠੁਕਰਾਇਆ ਹੈ। ਇਸ ਖੇਤਰ ਵਿਚ 2616 ਅਧਿਆਪਕਾਂ ਵਿੱਚੋਂ ਸਿਰਫ਼ 621 (24 ਫ਼ੀਸਦੀ) ਨੇ ਹੀ 15 ਹਜ਼ਾਰ ਰੁਪਏ ਤਨਖਾਹ ਨੂੰ ਪ੍ਰਵਾਨ ਕੀਤਾ ਹੈ।

ਸਰਕਾਰ ਦੀ ਪੇਸ਼ਕਸ਼ ਠੁਕਰਾਉਣ ਵਾਲਿਆਂ ਵਿਚ ਜ਼ਿਲ੍ਹਾ ਮੁਹਾਲੀ ਦੇ ਅਧਿਆਪਕ ਸਭ ਤੋਂ ਮੋਹਰੀ ਹਨ। ਇਸ ਜ਼ਿਲ੍ਹੇ ਵਿੱਚ 130 ਠੇਕਾ ਅਧਿਆਪਕਾਂ ਵਿੱਚੋਂ ਕੇਵਲ 30 (23.08 ਫ਼ੀਸਦ) ਅਧਿਆਪਕਾਂ ਨੇ ਹੀ 15 ਹਜ਼ਾਰ ਰੁਪਏ ਤਨਖਾਹ ਪ੍ਰਵਾਨ ਕੀਤੀ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 26.24 ਫ਼ੀਸਦ, ਕਪੂਰਥਲਾ ਦੇ 27.04 ਫ਼ੀਸਦੀ, ਰੂਪਨਗਰ ਦੇ 32.57 ਫ਼ੀਸਦੀ, ਜਲੰਧਰ ਦੇ 35.58 ਫ਼ੀਸਦੀ, ਗੁਰਦਾਸਪੁਰ ਦੇ 38.06 ਫ਼ੀਸਦੀ ਤੇ ਬਰਨਾਲਾ ਦੇ 41.35 ਫ਼ੀਸਦੀ ਅਧਿਆਪਕਾਂ ਨੇ ਹੀ 15 ਹਜ਼ਾਰ ਰੁਪਏ ਤਨਖਾਹ ਨੂੰ ਸਹਿਮਤੀ ਦਿੱਤੀ ਹੈ।

ਸਰਕਾਰ ਦੀ ਪੇਸ਼ਕਸ਼ ਮੰਨਣ ਵਿਚ ਮਾਲਵਾ ਦੇ ਮਾਨਸਾ ਜ਼ਿਲ੍ਹੇ ਦੇ ਅਧਿਆਪਕ ਸਭ ਤੋਂ ਮੋਹਰੀ ਹਨ। ਇਸ ਜ਼ਿਲ੍ਹੇ ਦੇ 82.23 ਫ਼ੀਸਦੀ ਅਧਿਆਪਕਾਂ ਨੇ 15 ਹਜ਼ਾਰ ਰੁਪਏ ਤਨਖਾਹ ਲੈਣ ’ਤੇ ਕਲਿੱਕ ਕੀਤਾ ਹੈ। ਦੂਜੇ ਨੰਬਰ ’ਤੇ ਮੁਕਤਸਰ ਜ਼ਿਲ੍ਹੇ ਦੇ 79.60 ਫ਼ੀਸਦੀ, ਤੀਸਰੇ ਸਥਾਨ ’ਤੇ ਫਾਜ਼ਿਲਕਾ ਜ਼ਿਲ੍ਹੇ ਦੇ 74.74 ਫ਼ੀਸਦੀ, ਚੌਥੇ ਸਥਾਨ ’ਤੇ ਮੋਗਾ ਜ਼ਿਲ੍ਹੇ ਦੇ 72.34 ਫ਼ੀਸਦੀ, ਪੰਜਵੇਂ ਸਥਾਨ ’ਤੇ ਫ਼ਰੀਦਕੋਟ ਜ਼ਿਲ੍ਹੇ ਦੇ 71.61 ਫ਼ੀਸਦੀ ਅਤੇ ਛੇਵੇਂ ਨੰਬਰ ’ਤੇ ਬਠਿੰਡਾ ਜ਼ਿਲ੍ਹੇ ਦੇ 69.69 ਫ਼ੀਸਦੀ ਅਧਿਆਪਕਾਂ ਨੇ 15 ਹਜ਼ਾਰ ਰੁਪਏ ਤਨਖਾਹ ਨੂੰ ਪ੍ਰਵਾਨ ਕੀਤਾ ਹੈ।

Leave A Reply

Your email address will not be published.