ਪੰਜਾਬੀਆਂ ਨੇ ਪਾਈਆਂ ਉਮੀਦਵਾਰਾਂ ਨੂੰ ਭਾਜੜਾਂ, ਹੁਣ ਸੋਸ਼ਲ ਮੀਡੀਆ ਤੋਂ ਡਰਨ ਲੱਗੇ ਲੀਡਰ

108

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਇਸ ਵਾਰ ਜਨਤਾ ਨੇ ਵੋਟਿੰਗ ਤੋਂ ਪਹਿਲਾਂ ਹੀ ਉਮੀਦਵਾਰਾਂ ਭਾਜੜਾਂ ਪਾਈਆਂ ਹੋਈਆਂ ਹਨ। ਸੋਸ਼ਲ ਮੀਡੀਆ ਦੀ ਤਾਕਤ ਨੂੰ ਵਰਤਦਿਆਂ ਲੋਕ ਉਮੀਦਵਾਰਾਂ ਨੂੰ ਸਿੱਧੇ ਸਵਾਲ ਕਰ ਰਹੇ ਹਨ। ਲੀਡਰ ਸਵਾਲਾਂ ਨਾਲੋਂ ਸੋਸ਼ਲ ਮੀਡੀਆ ਤੋਂ ਵੱਧ ਡਰ ਰਹੇ ਹਨ ਕਿਉਂ ਅਜਿਹੇ ਵੀਡੀਓ ਸੈਕਿੰਡਾਂ ਵਿੱਚ ਹੀ ਵਾਇਰਲ ਹੋ ਜਾਂਦੇ ਹਨ। ਇਸ ਲਈ ਉਹ ਸ਼ਰਤ ਰੱਖਦੇ ਹਨ ਕਿ ਪਹਿਲਾਂ ਫੋਨ ਬੰਦ ਕਰ ਲਓ ਫਿਰ ਸਵਾਲ ਪੁੱਛੋ।

ਪੰਜਾਬ ਵਿੱਚ ਇਹ ਰੁਝਾਨ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਜਨਤਾ ਸਿੱਧਾ ਹੋ ਟੱਕਰ ਰਹੀ ਹੈ। ਉਨ੍ਹਾਂ ਦੇ ਚਿਕਣੇ-ਚੋਪੜੇ ਭਾਸ਼ਨ ਸੁਣਨ ਤੋਂ ਪਹਿਲਾਂ ਹੀ ਸਵਾਲਾਂ ਦੀ ਬੁਛਾੜ ਹੋਣ ਲੱਗੀ ਹੈ। ਵੋਟਰ ਹੁਣ ਚੋਣ ਮੀਟਿੰਗਾਂ ਵਿੱਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਉਮੀਦਵਾਰਾਂ ਦੇ ਗਲ਼ ਪੈ ਰਹੇ ਹਨ। ਇਸ ਲਈ ਵੋਟਰਾਂ ਦਾ ਗੁੱਸਾ ਵੇਖ ਕੇ ਵੱਡੇ ਵੱਡੇ ਸਿਆਸੀ ਵਾਅਦੇ ਕਰਨ ਵਾਲੇ ਉਮੀਦਵਾਰ ਜਾਂ ਤਾਂ ਮੌਕਾ ਦੇਖ ਉਥੋਂ ਭੱਜ ਨਿਕਲਦੇ ਹਨ ਜਾ ਫਿਰ ਆਵਾਜ਼ ਚੁੱਕਣ ਵਾਲੇ ਨੂੰ ਉਲਟੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ।

ਸੂਬੇ ਦੇ ਕਾਫ਼ੀ ਸਿਆਸੀ ਆਗੂ ਵੋਟਰਾਂ ਦਾ ਅਜਿਹਾ ਟ੍ਰੇਲਰ ਦੇਖ ਚੁੱਕੇ ਹਨ। ਲੋਕਾਂ ਦੇ ਸਭ ਤੋਂ ਵੱਧ ਗੁੱਸੇ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਬਠਿੰਡਾ ਤੋਂ ਅਕਾਲੀ ਦਲ-ਬੀਜੇਪੀ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਸ਼ਾਮਲ ਹਨ। ਹਰਸਿਮਰਤ ਬਾਦਲ ਨੂੰ ਤਾਂ ਸੈਰ ਕਰਦੇ ਹੋਏ ਵਿਅਕਤੀ ਨੇ ਸਵਾਲ ਪੁੱਛ ਲਏ ਤੇ ਉਹ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ, ਉਥੋਂ ਤੁਰ ਗਈ।

ਇਸੇ ਤਰ੍ਹਾਂ ਰਾਜਾ ਵੜਿੰਗ ਨੂੰ ਤਾਂ ਲੋਕਾਂ ਨੇ ਸਟੇਜ ’ਤੇ ਹੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਾ ਕੇ ਘੇਰ ਲਿਆ ਸੀ। ਲੁਧਿਆਣਾ ਵਿੱਚ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਇੱਕ ਵਿਅਕਤੀ ਨੇ ਚੋਣ ਮੀਟਿੰਗ ਦੌਰਾਨ ਘੇਰ ਲਿਆ ਤੇ ਕੈਬਨਿਟ ਮੰਤਰੀ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਲੁਧਿਆਣਾ ਤੋਂ ਹੀ ਪੀਡੀਏ ਦੇ ਸਾਂਝੇ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਬੀਤੇ ਦਿਨੀਂ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੇ ਬੈਂਸ ਨੂੰ ਘੇਰ ਲਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵੀਡੀਓ ਤੋਂ ਬਚਣ ਲਈ ਵਿਧਾਇਕ ਬੈਂਸ ਨੇ ਉਥੋਂ ਨਿਕਲਣ ਵਿੱਚ ਹੀ ਭਲਾਈ ਸਮਝੀ।

ਸੰਗਰੂਰ ਵਿੱਚ ਤਾਂ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਸਵਾਲ ਉਆਉਣ ਵਾਲੇ ਵਿਅਕਤੀ ਨੂੰ ਥੱਪੜ ਹੀ ਜੜ ਦਿੱਤਾ ਸੀ। ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੂੰ ਵੀ ਲੋਕਾਂ ਨੇ ਘੇਰ ਲਿਆ ਸੀ ਤੇ ਉਨ੍ਹਾਂ ਦੀ ਕਾਫ਼ੀ ਰੇਲ ਬਣਾਈ ਸੀ। ਚੋਣਾਂ ਵਿੱਚ ਜਿਨ੍ਹਾਂ ਵੀ ਥਾਂਵਾਂ ’ਤੇ ਲੋਕਾਂ ਨੇ ਉਮੀਦਵਾਰਾਂ ਨੂੰ ਘੇਰਿਆ ਹੈ, ਉਥੇ ਹਰ ਥਾਂ ’ਤੇ ਉਨ੍ਹਾਂ ਦੀ ਵੀਡੀਓ ਜ਼ਰੂਰ ਬਣਾਈ ਹੈ ਜੋ ਕਿ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵੀਡੀਓਜ਼ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਵੀ ਰਹਿੰਦੀ ਹੈ।

Leave A Reply

Your email address will not be published.