ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ 99 ਖਿਡਾਰੀਆਂ ਦਾ ਐਲਾਨ

37

ਚੰਡੀਗੜ੍ਹ: ਖੇਡ ਜਗਤ ‘ਚ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਜੁਲਾਈ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੀ ਸ਼ਾਨ ਬਣੇ 18 ਦਿੱਗਜ਼ ਖਿਡਾਰੀਆਂ ਸਣੇ ਕੁੱਲ 99 ਖਿਡਾਰੀਆਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਂਝੀ ਕੀਤੀ ਹੈ।

ਰਾਣਾ ਸੋਢੀ ਨੇ ਦੱਸਿਆ ਕਿ 18 ਅਜਿਹੇ ਖਿਡਾਰੀ ਹਨ ਜਿਨ੍ਹਾਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਵਿਸ਼ਵ ਪੱਧਰ ਉੱਤੇ ਚਮਕਾਇਆ ਪਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਣ ਕਰਕੇ ਇਨ੍ਹਾਂ ਖਿਡਾਰੀਆਂ ਨੂੰ ਹੁਣ ਤੱਕ ਸੂਬੇ ਦਾ ਸਰਵਉੱਚ ਖੇਡ ਸਨਮਾਨ ਨਹੀਂ ਮਿਲਿਆ। ਇਨ੍ਹਾਂ ਖਿਡਾਰੀਆਂ ਨੇ 1978 ਤੋਂ ਪਹਿਲਾਂ ਸੂਬੇ ਤੇ ਦੇਸ਼ ਲਈ ਪ੍ਰਾਪਤੀਆਂ ਹਾਸਲ ਕੀਤੀਆਂ। ਇਸ ਲਈ ਹੁਣ ਇਨ੍ਹਾਂ ਖਿਡਾਰੀਆਂ ਨੂੰ ਇਹ ਸਨਮਾਨ ਦਿੱਤੇ ਜਾਣਗੇ।

ਇਨ੍ਹਾਂ ਖਿਡਾਰੀਆਂ ਵਿੱਚ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਮਿਲਖਾ ਸਿੰਘ, ਏਸ਼ੀਆ ਦੇ ਸਰਵੋਤਮ ਅਥਲੀਟ ਬਣੇ ਗੁਰਬਚਨ ਸਿੰਘ ਰੰਧਾਵਾ, ਭਾਰਤ ਨੂੰ ਇਕਲੌਤਾ ਹਾਕੀ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਅਜੀਤ ਪਾਲ ਸਿੰਘ, ਭਾਰਤੀ ਕ੍ਰਿਕਟ ਦੇ ਚੋਟੀ ਦੇ ਸਪਿੰਨਰ ਬਿਸ਼ਨ ਸਿੰਘ ਬੇਦੀ, ਏਸ਼ਿਆਈ ਖੇਡਾਂ ਵਿੱਚ ਪਹਿਲੀ ਸੋਨ ਤਮਗਾ ਭਾਰਤੀ ਮਹਿਲਾ ਅਥਲੀਟ ਕਮਲਜੀਤ ਕੌਰ ਸੰਧੂ ਪ੍ਰਮੁੱਖ ਹਨ।

ਇਸ ਤੋਂ ਇਲਾਵਾ ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ ਤੇ ਹਰਭਜਨ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਜਾਂ ਅਰਜੁਨ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।

Leave A Reply

Your email address will not be published.