ਬਠਿੰਡਾ ਤੋਂ ਬਾਅਦ ਹੁਣ ਸੰਗਰੂਰ ‘ਤੇ ਸਭ ਦੀਆਂ ਨਜ਼ਰਾਂ, ਦਿੱਗਜ਼ਾਂ ਦੇ ਫਸੇ ਸਿੰਗ

140

ਚੰਡੀਗੜ੍ਹ: ਬਠਿੰਡਾ ਤੋਂ ਬਾਅਦ ਹੁਣ ਸੰਗਰੂਰ ਲੋਕ ਸਭਾ ਹਲਕਾ ਚਰਚਾ ਵਿੱਚ ਰਹਿਣ ਵਾਲਾ ਹੈ। ਸੰਗਰੂਰ ਤੋਂ ਭਗਵੰਤ ਮਾਨ ਤੇ ਪਰਮਿੰਦਰ ਢੀਂਡਸਾ ਕਰਕੇ ਸਭ ਦੀਆਂ ਨਜ਼ਰ ਇਸ ਹਲਕੇ ‘ਤੇ ਹਨ। ਪਾਰਟੀ ਦੀ ਪਾਟੋਧਾੜ ਕਰਕੇ ਭਗਵੰਤ ਮਾਨ ਲਈ ਇਹ ਚੋਣ ਅਗਨੀ ਪ੍ਰੀਖਿਆ ਵਾਂਗ ਹੈ। ਦੂਜੇ ਪਾਸੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨ ਕੇ ਮੈਦਾਨ ਵਿੱਚ ਨਿੱਤਰੇ ਪਰਮਿੰਦਰ ਢੀਂਡਸਾ ‘ਤੇ ਵੀ ਸਭ ਦੀਆਂ ਨਜ਼ਰਾਂ ਹਨ।

ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾ ਕੇ ਹਾਲਾਤ ਹੋਰ ਸਖਤ ਬਣਾ ਦਿੱਤੇ ਹਨ। ਇਸ ਲਈ ਕਾਫ਼ੀ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਹਨ। ਹੁਣ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਮਰਨਜੀਤ ਸਿੰਘ ਮਾਨ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਜੱਸੀ ਜਸਰਾਜ ਤੇ ਅਕਾਲੀ ਦਲ ਟਕਸਾਲੀ ਵੱਲੋਂ ਰਾਜਦੇਵ ਸਿੰਘ ਖਾਲਸਾ ਚੋਣ ਮੈਦਾਨ ’ਚ ਆ ਗਏ ਹਨ।

ਕਾਂਗਰਸ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਹਨ। ਢਿੱਲੋਂ ਨੇ 2007ਅਤੇ 2012 ਵਿਚ ਅਸੈਂਬਲੀ ਚੋਣ ਜਿੱਤੀ ਸੀ ਤੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੋਣ ਹਾਰ ਗਏ ਸਨ। ਢਿੱਲੋਂ ਸੰਸਦੀ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਦੇ ਜੰਮਪਲ ਹਨ।
‘ਆਪ’ ਉਮੀਦਵਾਰ ਭਗਵੰਤ ਮਾਨ ਮੁੜ ਦੂਜੀ ਵਾਰ ਚੋਣ ਮੈਦਾਨ ’ਚ ਹਨ ਜੋ ‘ਆਪ’ ਦੇ ਸੂਬਾ ਪ੍ਰਧਾਨ ਹਨ। ਮਾਨ ਪਿਛਲੇ ਪੰਜ ਸਾਲ ਦੀ ਆਪਣੀ ਕਾਰਗੁਜ਼ਾਰੀ ਲੈ ਕੇ ਲੋਕਾਂ ’ਚ ਜਾ ਰਹੇ ਹਨ ਜਿਨ੍ਹਾਂ ਨੇ ਪਿਛਲੇ ਕਰੀਬ ਮਹੀਨੇ ਤੋਂ ਆਪਣੀ ਚੋਣ ਮੁਹਿੰਮ ਭਖਾ ਰੱਖੀ ਹੈ ਪਰ ਪੀਡੀਏ ਉਮੀਦਵਾਰ ਜੱਸੀ ਜਸਰਾਜ ਸਿਆਸੀ ਦਾਤੀ ਨਾਲ ਕਣਕ ਦੀ ਫਸਲ ਵਾਂਗ ਮਾਨ ਦੀਆਂ ਪੱਕੀਆਂ ਵੋਟਾਂ ਦੀ ਕਟਾਈ ਕਰਨ ’ਚ ਜੁਟ ਗਿਆ ਹੈ ਜੋ ‘ਆਪ’ ਦੇ ਖਿੱਲਰੇ ਝਾੜੂ ’ਚੋਂ ਸ਼ਰੀਕ ਬਣ ਕੇ ਨਿਕਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਪਿੜ ’ਚ ਭਾਵੇਂ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਸਾਥ ਦੀ ਘਾਟ ਜ਼ਰੂਰ ਰੜਕ ਰਹੀ ਹੈ ਪਰ ਸੰਸਦੀ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਰਮਿੰਦਰ ਢੀਂਡਸਾ ਦੀ ਡਟਵੀਂ ਹਮਾਇਤ ’ਚ ਨਿੱਤਰ ਚੁੱਕੀ ਹੈ। ਲਗਾਤਾਰ ਚਾਰ ਵਾਰ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਪਰਮਿੰਦਰ ਸਿੰਘ ਢੀਂਡਸਾ ਹੁਣ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਹਨ ਜੋ ਖੁਦ ਪਾਰਟੀ ਪ੍ਰਧਾਨ ਹਨ। ਮਾਨ 1996 ਤੇ 1998 ’ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਤੋਂ ਚੋਣ ਹਾਰ ਗਏ ਸਨ ਤੇ 1999 ’ਚ ਆਪਣੀ ਹਾਰ ਦਾ ਬਦਲਾ ਲੈਣ ’ਚ ਸਫ਼ਲ ਹੋਏ ਸਨ। ਬਤੌਰ ਐਮਪੀ ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ ਹਲਕੇ ਦੇ ਹਰ ਪਿੰਡ ਤੋਂ ਵਾਕਫ਼ ਹਨ।

Leave A Reply

Your email address will not be published.