ਬੇਅਦਬੀ ਤੇ ਗੋਲੀ ਕਾਂਡ ਬਾਰੇ ‘ਆਪ’ ਵੱਲੋਂ ਵੱਡੇ ਖੁਲਾਸੇ, ਕੈਪਟਨ ਨੂੰ ਅਸਤੀਫ਼ਾ ਦੇ ਦਰਬਾਰ ਸਾਹਿਬ ਜਾ ਭੁੱਲ ਬਖ਼ਸ਼ਾਉਣ ਦੀ ਸਲਾਹ

153

ਚੰਡੀਗੜ੍ਹ: ਅਕਤੂਬਰ 2015 ਵਿੱਚ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਲਈ ਤਤਕਾਲੀ ਬਾਦਲ ਸਰਕਾਰ ਵੱਲੋਂ ਗਠਿਤ ਇੱਕ ਮੈਂਬਰੀ ਕਮਿਸ਼ਨ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਨੇ ਬੁੱਧਵਾਰ ਨੂੰ ਆਪਣੀ ਜਾਂਚ ਦੇ ਤਜ਼ਰਬੇ ਸਾਂਝੇ ਕਰਦਿਆਂ ਪਿਛਲੀ ਤੇ ਮੌਜੂਦਾ ਸਰਕਾਰ ‘ਤੇ ਕਈ ਸਵਾਲ ਚੁੱਕੇ। ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੇਹੱਦ ਚੁਣੌਤੀ ਭਰੇ ਮਾਹੌਲ ‘ਚ 6 ਮਹੀਨਿਆਂ ਦੀ ਸਖ਼ਤ ਮਿਹਨਤ, ਇਮਾਨਦਾਰੀ, ਵਚਨਬੱਧਤਾ ਤੇ ਨਿਰਪੱਖਤਾ ਨਾਲ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਸੀ।

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਰਿਪੋਰਟ ‘ਚ ਜਿਹੜੇ ਤੱਥ ਸਾਹਮਣੇ ਆਏ ਸਨ ਜੇਕਰ ਕੈਪਟਨ ਸਰਕਾਰ ਉਨ੍ਹਾਂ ਤੱਥਾਂ ‘ਤੇ ਕੰਮ ਕਰਦੀ ਤਾਂ ਬੇਅਦਬੀ ਤੇ ਗੋਲੀਕਾਂਡ ਦੇ ਜ਼ਿੰਮੇਵਾਰ ਫੜੇ ਜਾਂਦੇ ਤੇ ਉਨ੍ਹਾਂ ਸਜ਼ਾ ਮਿਲਦੀ। ਜ਼ੋਰਾ ਸਿੰਘ ਨੇ ਕਿਹਾ ਕਿ ਬਾਦਲਾਂ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਬਚੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦਾ ਧ੍ਰੋਹ ਆਪਣੇ ਫ਼ਰਜ਼ ਅਤੇ ਪੰਜਾਬ ਦੇ ਲੋਕਾਂ ਨਾਲ ਕਮਾਇਆ ਹੈ, ਇਸ ਲਈ ਉਹ ਨੈਤਿਕ ਤੌਰ ‘ਤੇ ਮੁੱਖ ਮੰਤਰੀ ਬਣੇ ਰਹਿਣ ਦੇ ਕਾਬਲ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਅਸਤੀਫ਼ਾ ਦੇਣ ਤੇ ਸ੍ਰੀ ਹਰਮਿੰਦਰ ਸਾਹਿਬ ਜਾ ਕੇ ਸਮੁੱਚੇ ਪੰਥ ਤੋਂ ਮੁਆਫ਼ੀ ਮੰਗਣ।

ਆਪਣੀ ਰਿਪੋਰਟ ਦੇ ਤੱਥ ਜ਼ਾਹਰ ਕਰਦੇ ਹੋਏ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਤਿੰਨ ਮੁੱਖ ਤੱਥ ਸਾਹਮਣੇ ਆਏ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਕਮਿਸ਼ਨ ਦੀ ਪੜਤਾਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ-

1- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਛੇ ਸ਼ੱਕੀਆਂ ਦੀ ਪਛਾਣ ਦਾ ਮਾਮਲਾ ‘ਆਪ’ ਆਗੂਆਂ ਨੇ ਸਭ ਤੋਂ ਪਹਿਲਾਂ ਚੁੱਕਿਆ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੋਰੀ ਕਰਨ ਦੇ ਮਾਮਲੇ ਵਿੱਚ ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਗੋਰਾ ਸਿੰਘ, ਰਣਜੀਤ ਸਿੰਘ ਤੇ ਟੇਲਰ ਮਾਸਟਰ ਨਾਂ ਦੇ ਸਾਹਮਣੇ ਆਏ ਸਨ, ਪਰ ਪੁਲਿਸ ਨੇ ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕਰਨਾ ਜ਼ਰੂਰੀ ਨਹੀਂ ਸਮਝਿਆ।

2- ਜ਼ੋਰਾ ਸਿੰਘ ਨੇ ਦੱਸਿਆ ਕਮਿਸ਼ਨ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੀ ਬਿਨਾਹ ‘ਤੇ ਦੋ ਹੋਰ ਸ਼ੱਕੀਆਂ ਦੇ ਸਕੈੱਚ ਤਿਆਰ ਕੀਤੇ ਗਏ, ਹੈਰਾਨੀਜਨਕ ਤੱਥ ਇਹ ਰਹੇ ਕਿ ਪੁਲਸ ਤੇ ਸਬੰਧਤ ਜਾਂਚ ਏਜੰਸੀਆਂ ਨੇ 2 ਸ਼ੱਕੀਆਂ ਦੇ ਤਿਆਰ ਕਰਵਾਏ ਸਕੈੱਚ ਕਿਸੇ ਅਖ਼ਬਾਰ-ਟੀਵੀ ਤੇ ਪੋਸਟਰਾਂ ਦੇ ਰੂਪ ‘ਚ ਜਾਰੀ ਨਹੀਂ ਕੀਤੇ।

3- ਉਨ੍ਹਾਂ ਅਨੁਸਾਰ ਕਮਿਸ਼ਨ ਦੀ ਰਿਪੋਰਟ ਇਹ ‘ਚ ਤੱਥ ਵੀ ਸਾਹਮਣੇ ਆਇਆ ਕਿ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਇੱਕ ਐਸਪੀ ਤੇ ਇੱਕ ਡੀਐਸਪੀ ਨੇ ਕਮਿਸ਼ਨ ਸਾਹਮਣੇ ਖ਼ੁਦ ਕਬੂਲ ਕੀਤਾ ਕਿ ਉਨ੍ਹਾਂ ਬੇਅਦਬੀ ਦੇ ਇਸ ਮਾਮਲੇ ਦੀ ਇੱਕ ਦਿਨ ਵੀ ਜਾਂਚ ਨਹੀਂ ਕੀਤੀ। ਬਾਦਲਾਂ ਤੋਂ ਤਾਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ, ਪਰ ਕੀ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨਗੇ ਉਨ੍ਹਾਂ ਨੂੰ ਅਜਿਹੀ ਗੰਭੀਰ ਜਾਂਚ ਰੋਕਣ ਵਾਲੀਆਂ ਕੌਣ ਤਾਕਤਾਂ ਹਨ?

Leave A Reply

Your email address will not be published.