ਮਹਿਲਾ ਨਾਲ ਕੁੱਟਮਾਰ ਦੇ ਮਾਮਲੇ ‘ਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਗ੍ਰਿਫ਼ਤਾਰ

26

ਚੰਡੀਗੜ੍ਹ: ਮੁਕਤਸਰ ‘ਚ ਮਹਿਲਾ ਨੂੰ ਬੇਰਹਿਮੀ ਨਾਲ ਕੁੱਟਣ ਦੇ ਇਲਜ਼ਾਮ ਹੇਠ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਐਸਪੀ ਮੁਕਤਸਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। ਹੁਣ ਤਕ ਰਾਕੇਸ਼ ਚੌਧਰੀ ਤੇ ਉਸ ਦੇ ਭਰਾ ਸਮੇਤ 7 ਮੁਲਜ਼ਮ ਗ੍ਰਿਫ਼ਤਾਰ ਹੋ ਗਏ ਹਨ। ਪੁਲਿਸ ਨੇ ਬਾਕੀ ਰਹਿੰਦੇ 3 ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਵਿੱਚ 13 ਸਾਲਾਂ ਦਾ ਬੱਚਾ ਤੇ ਦੋ ਮਹਿਲਾਵਾਂ ਸ਼ਾਮਲ ਹਨ।

ਰਾਕੇਸ਼ ਚੌਧਰੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ  ਛੇ ਮੁਲਜ਼ਮਾਂ ਨੂੰ ਅਦਾਲਤ ਨੇ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਵੀ ਸ਼ਾਮਲ ਹੈ। ਮੁਲਜ਼ਮਾਂ ਨੂੰ ਅੱਜ ਸਵੇਰੇ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਤੇ ਹੁਣ ਇਹਨਾਂ ਮੁਲਜ਼ਮਾਂ ਤੋਂ 2 ਦਿਨ ਪੁੱਛਗਿੱਛ ਕਰੇਗੀ।

ਦੱਸ ਦੇਈਏ ਬੀਤੇ ਦਿਨ ਬੂੜਾ ਗੁੱਜਰਾਂ ਰੋਡ ‘ਤੇ ਇਨ੍ਹਾਂ ਨੇ ਇੱਕ ਮਹਿਲਾ ਦੇ ਘਰ ਅੰਦਰ ਦਾਖ਼ਲ ਹੋ ਕੇ ਉਸ ਨੂੰ ਘਰੋਂ ਬਾਹਰ ਘਸੀਟਦਿਆਂ ਸ਼ਰ੍ਹੇਆਮ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਹਿਲਾ ਨੂੰ ਛੁਡਾਉਣ ਆਈਆਂ ਹੋਰ ਮਹਿਲਾਵਾਂ ਨਾਲ ਵੀ ਧੱਕਾਮੁੱਕੀ ਕੀਤੀ। ਇਸ ਦੌਰਾਨ ਮਹਿਲਾ ਦੇ ਬੱਚੇ ਨੇ ਘਟਨਾ ਦੀ ਵੀਡੀਓ ਬਣਾ ਲਈ ਸੀ ਜਿਸ ਦੇ ਵਾਇਰਲ ਹੋਣ ਬਾਅਦ ਮਾਮਲੇ ‘ਤੇ ਕਾਰਵਾਈ ਕੀਤੀ ਗਈ ਹੈ।

ਪੁਲਿਸ ਨੇ ਇਸ ਮਾਮਲੇ ‘ਚ ਕੁੱਲ 10 ਜਣੇ ਨਾਮਜ਼ਦ ਕੀਤੇ ਹੋਏ ਹਨ, ਜਿਨ੍ਹਾਂ ‘ਚੋਂ ਤਿੰਨ ਜਣੇ ਹਾਲੇ ਵੀ ਫਰਾਰ ਹਨ। ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਤੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕੌਂਸਲਰ ਰਾਕੇਸ਼ ਚੌਧਰੀ ਨੂੰ ਵੀ ਨਾਮਜ਼ਦ ਕਰ ਲਿਆ ਤੇ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ।

Leave A Reply

Your email address will not be published.