ਮੋਦੀ ਨੂੰ ਰੜਕੀ ਕੈਪਟਨ ਦੀ ਗ਼ੈਰਹਾਜ਼ਰੀ, ਖੁੱਲ੍ਹ ਕੇ ਲਾਏ ਰਗੜੇ

41

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਠੂਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਿੰਨ੍ਹਿਆ। ਮੋਦੀ ਨੇ ਕਿਹਾ ਕਿ ਉਹ ਕੈਪਟਨ ਨੂੰ ਵਰ੍ਹਿਆਂ ਤੋਂ ਜਾਣਦੇ ਹਨ, ਉਨ੍ਹਾਂ ਦੀ ਦੇਸ਼ਭਗਤੀ ‘ਤੇ ਕੋਈ ਸ਼ੱਕ ਨਹੀਂ ਪਰ ਕਾਂਗਰਸ ਨੇ ਸ਼ਨੀਵਾਰ ਜੋ ਕੀਤਾ ਕੀ ਉਹ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਨਹੀਂ ਸੀ?

ਮੋਦੀ ਨੇ ਕਿਹਾ ਕਿ ਜਦ ਪੂਰਾ ਦੇਸ਼ ਜੱਲ੍ਹਿਆਂਵਾਲਾ ਬਾਗ਼ ਦੇ ਸੌ ਸਾਲ ਪੂਰੇ ਹੋਣ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਵੀ ਕਾਂਗਰਸ ਨੇ ਸਿਆਸਤ ਨਹੀਂ ਛੱਡੀ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਸਰਕਾਰੀ ਸਮਾਗਮ ਵਿੱਚੋਂ ਕਾਂਗਰਸ ਦੇ ਮੁੱਖ ਮੰਤਰੀ ਗ਼ਾਇਬ ਸਨ। ਉਨ੍ਹਾਂ ਸਮਾਗਮ ਦਾ ਬਾਈਕਾਟ ਕੀਤਾ ਕਿਉਂਕਿ ਉਹ ਕਾਂਗਰਸ ਪਰਿਵਾਰ ਦੀ ਭਗਤੀ ਵਿੱਚ ਰੁੱਝੇ ਗਏ ਸਨ।

ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਨਾਮਦਾਰ ਜੱਲ੍ਹਿਆਂਵਾਲਾ ਬਾਗ਼ ਨਾਲ ਗਏ ਸੀ ਪਰ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਜਾਣਾ ਸਹੀ ਨਹੀਂ ਲੱਗਾ। ਦੱਸ ਦੇਈਏ ਕਿ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਆਪਣੀ ਸ਼ਰਧਾਂਜਲੀ ਭੇਂਟ ਕੀਤੀ ਸੀ, ਪਰ ਸਰਕਾਰੀ ਸਮਾਗਮ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਭੇਜ ਦਿੱਤਾ ਸੀ। ਕੈਪਟਨ ਦੀ ਗ਼ੈਰ ਹਾਜ਼ਰੀ ਦਾ ਮੋਦੀ ਨੇ ਰੈਲੀ ਵਿੱਚ ‘ਸਿਆਸੀ ਲਾਭ’ ਜ਼ਰੂਰ ਲੈ ਲਿਆ।


Leave A Reply

Your email address will not be published.