ਸੰਨੀ ਦਿਓਲ ਨੇ ਕੀਤੇ ਗੁਰਦਾਸਪੁਰੀਏ ਨਿਰਾਸ਼

72

ਚੰਡੀਗੜ੍ਹ: ਲੋਕ ਸਭਾ ਚੋਣਾਂ ਜਿੱਤਣ ਮਗਰੋਂ ਸੰਨੀ ਦਿਓਲ ਨੇ ਗੁਰਦਾਸਪੁਰੀਆਂ ਨੂੰ ਨਿਰਾਸ਼ ਕੀਤਾ ਹੈ। ਉਹ ਜਿੱਤ ਲਈ ਜਨਤਾ ਦਾ ਧੰਨਵਾਦ ਕਰਨ ਗੁਰਦਾਸਪੁਰ ਪਹੁੰਚੇ ਪਰ ਲੋਕਾਂ ਨੂੰ ਬਗੈਰ ਮਿਲੇ ਹੀ ਪਰਤ ਗਏ। ਦਰਅਸਲ ਲੋਕਾਂ ਨੂੰ ਉਮੀਦ ਸੀ ਕਿ ਸੰਨੀ ਦਿਓਲ ਫਿਰ ਰੋਡ ਸ਼ੋਅ ਕਰਕੇ ਲੋਕਾਂ ਦਾ ਧੰਨਵਾਦ ਕਰਨਗੇ। ਇਸ ਲਈ ਲੋਕ ਕਾਫੀ ਉਤਸ਼ਾਹਿਤ ਸੀ ਪਰ ਗਰਮੀ ਕਰਕੇ ਸੰਨੀ ਦਿਓਲ ਨੇ ਬੀਜੇਪੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਕੇ ਕੰਮ ਨਿਬੇੜ ਦਿੱਤਾ।

ਸੰਨੀ ਦਿਓਲ ਸ਼ਨੀਵਾਰ ਨੂੰ ਗੁਰਦਾਸਪੁਰ ਪਹੁੰਚੇ ਸੀ। ਐਤਵਾਰ ਸ਼ਾਮ ਉਹ ਦਿੱਲੀ ਰਵਾਨਾ ਹੋ ਗਏ। ਚੋਣ ਜਿੱਤਣ ਮਗਰੋਂ ਵੀ ਸੰਨੀ ਦਿਓਲ ਨੇ ਮੀਡੀਆ ਤੋਂ ਨਾਲ ਪਹਿਲਾਂ ਵਾਂਗ ਹੀ ਦੂਰੀ ਬਣਾ ਕੇ ਰੱਖੀ। ਉਂਝ ਚੋਣ ਪ੍ਰਚਾਰ ਦੌਰਾਨ ਵੀ ਸੰਨੀ ਦਿਓਲ ਨੇ ਪੱਤਰਕਾਰਾਂ ਨਾਲ ਕੋਈ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਸੀ। ਇਸ ਲਈ ਉਮੀਦ ਸੀ ਕਿ ਜਿੱਤ ਮਗਰੋਂ ਸੰਨੀ ਪੱਤਰਕਾਰਾਂ ਦੇ ਰੂ-ਬਰੂ ਹੋਣਗੇ ਪਰ ਉਹ ਕੁਝ ਬੋਲੇ ਬਿਨਾ ਹੀ ਚਲੇ ਗਏ।

ਉਧਰ, ਕਾਂਗਰਸੀ ਲੀਡਰਾਂ ਵੱਲੋਂ ਸੰਨੀ ਦਿਓਲ ਦੇ ਇਸ ਰਵੱਈਏ ਨੂੰ ਲੈ ਕੇ ਤਿੱਖੇ ਵਿਅੰਗ ਵੀ ਕੀਤੇ ਜਾ ਰਹੇ ਹਨ। ਕਾਂਗਰਸੀਆਂ ਦਾ ਕਹਿਣਾ ਹੈ ਕਿ ਸੰਨੀ ਨੂੰ ਸੀਮਤ ਦਾਇਰੇ ‘ਚੋਂ ਬਾਹਰ ਨਿਕਲ ਕੇ ਆਮ ਲੋਕਾਂ ਨਾਲ ਵਿਚਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਭਾਵੇਂ ਚੋਣ ਹਾਰ ਗਏ ਪਰ ਚੋਣ ਨਤੀਜੇ ਦੇ ਬਾਅਦ ਉਨ੍ਹਾਂ ਵੋਟਰਾਂ ਦਰਮਿਆਨ ਵਿਚਰ ਕੇ ਤੇ ਪ੍ਰੈੱਸ ਕਾਨਫ਼ਰੰਸ ਕਰਕੇ ਉਨ੍ਹਾਂ ਨੂੰ 4 ਲੱਖ 76 ਹਜ਼ਾਰ ਤੋਂ ਵੱਧ ਵੋਟਾਂ ਦੇਣ ਲਈ ਧੰਨਵਾਦ ਕੀਤਾ ਸੀ। ਦੂਜੇ ਪਾਸੇ ਸੰਨੀ ਦਿੋਲ ਜਿੱਤ ਕੇ ਵੀ ਲੋਕਾਂ ਦੇ ਰੂ-ਬਰੂ ਨਹੀਂ ਹੋਏ।

Leave A Reply

Your email address will not be published.