ਕੋਟਕਪੂਰਾ ‘ਚ ਵਿਆਹ ਬਣਿਆ ਗੈਂਗਵਾਰ ਦਾ ਅਖਾੜਾ, ਅੰਨ੍ਹੇਵਾਹ ਫਾਇਰਿੰਗ, ਬੱਚੇ ਦੀ ਮੌਤ, ਕਈ ਜ਼ਖ਼ਮੀ

2,226

ਫਰੀਦਕੋਟ: ਬੀਤੀ ਦੇਰ ਰਾਤ ਕੋਟਕਪੂਰਾ ਵਿੱਚ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਵਿਆਹ ਸਮਾਗਮ ਦੌਰਾਨ ਜਾਗੋ ਕੱਢੀ ਜਾ ਰਹੀ ਸੀ। ਇਸ ਮੌਕੇ ਸਮਾਗਮ ਵਿੱਚ ਮੌਜੂਦ ਆਸ਼ੂ ਨਾਮੀ ਵਿਅਕਤੀ ਉਪਰ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਆਸ਼ੂ ਤੇ 16 ਸਾਲਾ ਲਵਪ੍ਰੀਤ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਲਵਪ੍ਰੀਤ ਦੀ ਮੌਤ ਹੋ ਗਈ।

ਦੂਸਰੇ ਪਾਸੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦੋ ਨੌਜਵਾਨ ਦਾਖਲ ਹੋਏ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਫਰੀਦਕੋਟ ਪੁਲਿਸ ਵੱਲੋਂ ਇਸ ਮਾਮਲੇ ਨੂੰ ਦੋ ਗੁੱਟਾਂ ਵਿਚਾਲੇ ਹੋਈ ਗੈਂਗਵਾਰ ਦੱਸਿਆ ਜਾ ਰਿਹਾ ਹੈ।

ਬੀਤੀ ਰਾਤ ਕਰੀਬ 9:15 ‘ਤੇ ਕੋਟਕਪੂਰਾ ਦੀਆਂ ਜੋੜੀਆਂ ਚੱਕੀਆਂ ਕੋਲ ਜਾਗੋ ਦੇ ਪ੍ਰੋਗਰਾਮ ਦੌਰਾਨ ਫਾਇਰਿੰਗ ਹੋਈ ਜਿਸ ਵਿੱਚ ਆਸ਼ੂ ਨਾਮੀ ਨੌਜਵਾਨ ਤੇ 16 ਸਾਲਾ ਲੜਕਾ ਲਵਪ੍ਰੀਤ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਲਵਪ੍ਰੀਤ ਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਜਦੋਂਕਿ ਆਸ਼ੂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਦੂਸਰੇ ਪਾਸੇ ਦੋ ਨੌਜਵਾਨ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋਏ ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਹੁਣ ਉਹ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿੱਚ ਜੇਰੇ ਇਲਾਜ ਹਨ। ਮੰਨਿਆ ਜਾ ਰਿਹਾ ਕਿ ਇਹ ਜ਼ਖਮੀ ਨੌਜਵਾਨ ਉਹੀ ਹਨ ਜਿਨ੍ਹਾਂ ਨੇ ਕੋਟਕਪੂਰਾ ਵਿੱਚ ਆਸ਼ੂ ‘ਤੇ ਗੋਲੀ ਚਲਾਈ ਸੀ ਤੇ ਅੱਗੋਂ ਹੋਈ ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋਏ ਹਨ। ਫਰੀਦਕੋਟ ਪੁਲਿਸ ਵੱਲੋਂ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਇਸ ਸਾਰੇ ਮਾਮਲੇ ਬਾਰੇ ਜਦ ਐਸਪੀ ਫਰੀਦਕੋਟ ਗੁਰਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਕੋਟਕਪੂਰਾ ਵਿੱਚ ਦੋ ਗੁੱਟਾਂ ਵਿੱਚ ਗੈਂਗਵਾਰ ਹੋਈ ਸੀ। ਇਸ ਵਿੱਚ 3 ਵਿਅਕਤੀ ਜ਼ਖਮੀ ਹੋਏ ਹਨ ਤੇ ਇੱਕ 16 ਸਾਲਾ ਲਵਪ੍ਰੀਤ ਨਾਮੀ ਲੜਕੇ ਦੀ ਮੌਤ ਹੋਈ ਹੈl ਉਨ੍ਹਾਂ ਦੱਸਿਆ ਕਿ ਗੈਂਗਸਟਰ ਭੋਲਾ ਸ਼ੂਟਰ ਗਰੁੱਪ ਦੇ ਰਣਜੋਧ ਤੇ ਗੁਰਲਾਲ ਵੱਲੋਂ ਅੰਕੁਸ਼ ਅਰੋੜਾ ਗਰੁੱਪ ਦੇ ਆਸ਼ੂ ਵਿਚਕਾਰ ਫਾਇਰਿੰਗ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਗਰੁੱਪਾਂ ਵੱਲੋਂ ਫਾਇਰਿੰਗ ਹੋਈ ਹੈ ਜਿਸ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਮ੍ਰਿਤਕ ਲਵਪ੍ਰੀਤ ਦੇ ਪਿਤਾ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ। ਵਿਆਹ ਤੋਂ ਪਹਿਲਾਂ ਜਾਗੋ ਦੀ ਰਸਮ ਚੱਲ ਰਹੀ ਸੀ। ਉੱਥੇ ਆਸ਼ੂ ਨਾਮੀ ਲੜਕੇ ‘ਤੇ ਫਾਇਰਿੰਗ ਹੋਈ ਪਰ ਆਸ਼ੂ ਇਸ ਵਿੱਚ ਜ਼ਖਮੀ ਹੋਇਆ ਹੈ ਜਦੋਂਕਿ ਮੇਰਾ ਲੜਕਾ ਲਵਪ੍ਰੀਤ ਗੋਲੀਆਂ ਦੀ ਲਪੇਟ ਵਿੱਚ ਆ ਗਿਆ ਤੇ ਗੋਲੀ ਲੱਗਣ ਨਾਲ ਮੌਤ ਹੋ ਗਈ।

Leave A Reply

Your email address will not be published.