ਅਮਰੀਕਾ ਤੇ ਇਰਾਨ ‘ਚ ਵਧਿਆ ਘਮਸਾਣ, ਸਮਝੌਤੇ ਤੋੜ ਪ੍ਰਮਾਣੂ ਭੰਡਾਰ ਵਧਾਉਣ ਦਾ ਐਲਾਨ

71

ਤੇਹਰਾਨ: ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਵਧਾਏਗਾ। ਅਜਿਹਾ ਕਰ ਉਹ ਇੱਕ ਵਾਰ ਫਿਰ ਸਾਲ 2015 ਦੇ ਕੌਮਾਂਤਰੀ ਤਾਕਤਾਂ ਨਾਲ ਹੋਏ ਪਰਮਾਣੂ ਸਮਝੌਤੇ ਦੀਆਂ ਸ਼ਰਤਾਂ ਦਾ ਉਲੰਘਨ ਕਰਨ ਦੀ ਤਿਆਰੀ ਵਿੱਚ ਹੈ।

ਯੂਰੇਨੀਅਮ ਭੰਡਾਰ ਵਧਾਉਣ ਲਈ ਸਮਝੌਤੇ ਤੋੜਨ ਦੇ ਨਾਲ-ਨਾਲ ਇਰਾਨ ਨੇ ਇਸ ਨੂੰ ਬਚਾਉਣ ਲਈ ਗੱਲਬਾਤ ਦੇ ਸੰਕੇਤ ਵੀ ਦਿੱਤੇ ਹਨ। ਇਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਯੂਰਪੀ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਫ਼ੋਨ ‘ਤੇ ਗੱਲਬਾਤ ਵੀ ਕੀਤੀ ਸੀ। ਉਨ੍ਹਾਂ 15 ਜੁਲਾਈ ਤਕ ਇਰਾਨ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਗੱਲਬਾਤ ਸ਼ੁਰੂ ਕਰਵਾਉਣ ਦਾ ਰਸਤਾ ਤਲਾਸ਼ਣ ਦੀ ਗੱਲ ਵੀ ਕਹੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਇਸ ਸਮਝੌਤੇ ਵਿੱਚੋਂ ਦੇਸ਼ ਨੂੰ ਵੱਖ ਕਰਦਿਆਂ ਇਰਾਨ ‘ਤੇ ਪਾਬੰਦੀਆਂ ਲਾ ਦਿੱਤੀਆਂ ਸਨ। ਇਸ ਤੋਂ ਸਾਲ ਭਰ ਬਾਅਦ ਇਰਾਨ ਨੇ ਯੂਰੇਨੀਅਮ ਭੰਡਾਰ ਵਧਾਉਣ ਦੀ ਗੱਲ ਕੀਤੀ ਹੈ। ਅਮਰੀਕਾ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਜੇਕਰ ਇਰਾਨ ਤੈਅ ਸੀਮਾ ਤੋਂ ਵੱਧ ਯੂਰੇਨੀਅਮ ਸਟੋਰ ਕਰਦਾ ਹੈ ਤਾਂ ਉਸ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਯੂਰੇਨੀਅਮ ਇਕੱਠਾ ਕਰਨ ਦਾ ਮਕਸਦ ਸਿਰਫ ਪਰਮਾਣੂ ਬੰਬ ਬਣਾਉਣਾ ਹੀ ਹੁੰਦਾ ਹੈ।

Leave A Reply

Your email address will not be published.