ਅਮਰੀਕਾ ਪੜ੍ਹਨ ਜਾਣ ਵਾਲੇ ਨੌਜਵਨ ਸਾਵਧਾਨ! ਭਾਰਤੀ ਅੰਬੈਸੀ ਨੇ ਕੀਤਾ ਚੌਕਸ

38

ਵਾਸ਼ਿੰਗਟਨ: ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਦੇ ਇਛੁੱਕ ਨੌਜਵਾਨਾਂ ਨੂੰ ਭਾਰਤੀ ਅੰਬੈਸੀ ਨੇ ਮਸ਼ਵਰਾ ਦਿੱਤਾ ਹੈ ਕਿ ਉਹ ਜਿਨ੍ਹਾਂ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਚਾਹੁੰਦੇ ਹਨ, ਉੱਥੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਬਾਰੇ ਤਸੱਲੀ ਕਰ ਲੈਣ ਤਾਂ ਕਿ ਬਾਅਦ ਵਿੱਚ ਉਨ੍ਹਾਂ ਨੂੰ ਧੋਖਾਧੜੀ ਦਾ ਸ਼ਿਕਾਰ ਨਾ ਹੋਣਾ ਪਏ। ਬੀਤੇ ਮਹੀਨੇ ਕਰੀਬ 100 ਵਿਦਿਆਰਥੀ ਉਸ ਸਮੇਂ ਪ੍ਰੇਸ਼ਾਨੀ ਵਿੱਚ ਫਸ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਯੂਨੀਵਰਸਿਟੀ ਦਾ ਉਨ੍ਹਾਂ ਫਾਰਮ ਭਰਿਆ ਹੈ, ਉਹ ਅਸਲ ਵਿੱਚ ਫਰਜ਼ੀ ਹੈ।

ਅੰਬੈਸੀ ਦੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਦਿਆਰਥੀ ਖ਼ਾਸ ਤੌਰ ‘ਤੇ ਤਿੰਨ ਗੱਲਾਂ ਦਾ ਖ਼ਾਸ ਖਿਆਲ ਰੱਖਣ। ਪਹਿਲੀ ਗੱਲ ਇਹ ਕਿ ਯੂਨੀਵਰਸਿਟੀ ਕਿਸੇ ਕੈਂਪਸ ਤੋਂ ਚੱਲ ਰਹੀ ਹੈ ਜਾਂ ਫਿਰ ਉਸ ਕੋਲ ਮਹਿਜ਼ ਪ੍ਰਸ਼ਾਸਨਿਕ ਕਮਰਾ ਹੀ ਹੈ ਤੇ ਉਹ ਵੈੱਬਸਾਈਟ ਹੀ ਚਲਾ ਰਹੀ ਹੈ। ਦੂਜੀ ਗੱਲ ਇਹ ਕਿ ਕੀ ਉਸ ਕੋਲ ਅਧਿਆਪਕ ਹਨ ਜਾਂ ਨਹੀਂ। ਯੂਨੀਵਰਸਿਟੀ ਪੜ੍ਹਾਏਗੀ ਕੀ ਤੇ ਕੀ ਉਹ ਨਿਯਮਾਂ ਨਾਲ ਕਲਾਸਾਂ ਚਲਾਉਂਦੀ ਹੈ ਜਾਂ ਨਹੀਂ?

ਅੱਗੇ ਕਿਹਾ ਗਿਆ ਹੈ ਕਿ ਅਜਿਹੀਆਂ ਯੂਨੀਵਰਸਿਟੀਆਂ ਵਿੱਚ ਗਏ ਨੌਜਵਾਨਾਂ ਕੋਲ ਭਾਵੇਂ ਨਿਯਮਿਤ ਸਟੂਡੈਂਟ ਵੀਜ਼ਾ ਹੋਏ ਪਰ ਉਹ ਕਾਨੂੰਨੀ ਤੌਰ ‘ਤੇ ਫਸ ਸਕਦੇ ਹਨ ਤੇ ਉਨ੍ਹਾਂ ਨੂੰ ਅਮਰੀਕਾ ਤੋਂ ਬੇਰੰਗ ਮੁੜਨਾ ਪੈ ਸਕਦਾ ਹੈ। ਯਾਦ ਰਹੇ ਕੁਝ ਸਮਾਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਨੇ ‘ਪੈਅ ਯੂ ਸਟੇਅ’ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਕੇ 129 ਭਾਰਤੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਵਿਦਿਆਰਥੀਆਂ ਨੇ ਫਰਜ਼ੀ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲਿਆ ਸੀ।

Leave A Reply

Your email address will not be published.