ਫਿਰ ਵਿਗੜਿਆ ਉੱਤਰੀ ਕੋਰੀਆ ਵਾਲਾ ਤਾਨਾਸ਼ਾਹ, ਦਾਗੀਆਂ ਮਿਸਾਈਲਾਂ, ਅਮਰੀਕਾ ਦੀ ਮੋੜਵੀਂ ਕਾਰਵਾਈ

92

ਸਿਓਲ: ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਲੰਮੀ ਦੂਰੀ ਦੀਆਂ ਮਿਸਾਈਲਾਂ ਦਾ ਯੁੱਧ ਅਭਿਆਸ ਕੀਤਾ। ਇਸ ਦੌਰਾਨ ਤਾਨਾਸ਼ਾਹ ਕਿਮ ਜੌਂਗ ਉਨ ਖ਼ੁਦ ਮੌਕੇ ‘ਤੇ ਹਾਜ਼ਰ ਸਨ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਮੁਤਾਬਕ, ਲੰਮੀ ਦੂਰੀ ਦੀਆਂ ਮਿਸਾਈਲਾਂ ਦਾਗਣ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਘੱਟ ਦੂਰੀ ਵਾਲੀਆਂ ਮਿਸਾਈਲਾਂ ਦਾ ਵੀ ਪ੍ਰੀਖਣ ਕੀਤਾ ਸੀ। ਇਸੇ ਵਿਚਾਲੇ ਅਮਰੀਕਾ ਨੇ ਕਰਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਾਉਂਦਿਆਂ ਉੱਤਰ ਕੋਰਿਆਈ ਕਾਰਗੋ ਜਹਾਜ਼ ਫੜ ਲਿਆ ਹੈ।

ਉੱਧਰ, ਅਮਰੀਕਾ ਨੇ ਵੀ ਉੱਤਰ ਕੋਰੀਆ ਦੀ ਮਿਸਾਈਲ ਡ੍ਰਿਲ ਦੀ ਪੁਸ਼ਟੀ ਕੀਤੀ ਹੈ। ਡੋਨਲਡ ਟਰੰਪ ਨੇ ਮਿਸਾਈਲ ਅਜਮਾਇਸ਼ ਬਾਰੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਹੈ ਕਿ ਕਿਮ ਨੂੰ ਗੱਲਬਾਤ ਕਰਨ ਦੀ ਇੱਛਾ ਨਹੀਂ ਹੈ। ਟਰੰਪ ਨੇ ਉੱਤਰ ਕੋਰੀਆ ਨਾਲ ਸਬੰਧ ਜਾਰੀ ਰੱਖਣ ਦੀ ਗੱਲ ਕਹੀ ਹੈ।

ਅਮਰੀਕਾ ਨੇ ਵੀਰਵਾਰ ਨੂੰ ਉੱਤਰ ਕੋਰੀਆ ਦਾ ਇੱਕ ਕਾਰਗੋ ਜਹਾਜ਼ ਫੜ ਲਿਆ। ਅਮਰੀਕਾ ਨੇ ਇਸ ਕਾਰਵਾਈ ਪਿੱਛੇ ਕੌਮਾਂਤਰੀ ਕਰਾਰ ਦੀ ਉਲੰਘਣਾ ਨੂੰ ਵਜ੍ਹਾ ਦੱਸਿਆ ਹੈ। ਇਹ ਜਹਾਜ਼ ਉੱਤਰ ਕੋਰੀਆ ਤੋਂ ਨਾਜਾਇਜ਼ ਤੌਰ ‘ਤੇ ਕੋਲਾ ਹੋਰਾਂ ਦੇਸ਼ਾਂ ਵਿੱਚ ਪਹੁੰਚਾਉਂਦਾ ਸੀ ਤੇ ਉੱਥੋਂ ਆਪਣੇ ਦੇਸ਼ ਲਈ ਭਾਰੀ ਮਸ਼ੀਨਰੀ ਲੈ ਕੇ ਆਉਂਦਾ ਸੀ।

ਕਿਮ ਦੀ ਟਰੰਪ ਨਾਲ ਦੋ ਵਾਰ ਮੁਲਾਕਾਤ ਹੋ ਚੁੱਕੀ ਹੈ। ਪਹਿਲੀ ਵਾਰ ਦੋਵੇਂ ਜਣੇ 12 ਜੂਨ ਨੂੰ ਸਿੰਗਾਪੁਰ ਤੇ ਦੂਜੀ ਵਾਰ 28 ਫਰਵਰੀ ਨੂੰ ਵਿਅਤਨਾਮ ਵਿੱਚ ਮਿਲੇ ਸੀ। ਅਮਰੀਕਾ ਚਾਹੁੰਦਾ ਹੈ ਕਿ ਉੱਤਰ ਕੋਰੀਆ ਪੂਰੀ ਤਰ੍ਹਾਂ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਕਿਮ ਨੂੰ ਕੌਮਾਂਤਰੀ ਕਰਾਰਾਂ ਸਬੰਧੀ ਕੋਈ ਭਰੋਸਾ ਨਹੀਂ ਮਿਲਿਆ।

Leave A Reply

Your email address will not be published.