ਭਾਰਤ ਨੇ ਮੋੜੀ ਨਿਊਜ਼ੀਲੈਂਡ ਦੀ ਭਾਜੀ, ਦੂਜੇ ਟੀ-20 ‘ਚ ਸੱਤ ਵਿਕਟਾਂ ਨਾਲ ਦਿੱਤੀ ਮਾਤ

40

ਔਕਲੈਂਡ: ਨਿਊਜ਼ੀਲੈਂਡ ਹੱਥੋਂ ਪਹਿਲੇ ਟੀ-20 ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਦੂਜੇ ਮੈਚ ਵਿੱਚ ਮੇਜ਼ਬਾਨ ਟੀਮ ‘ਤੇ ਓਨੀ ਹੀ ਵੱਡੀ ਜਿੱਤ ਦਰਜ ਕੀਤੀ ਹੈ। ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਮਹਿਮਾਨ ਟੀਮ ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਮੇਜ਼ਬਾਨ ਟੀਮ ਨੇ 20 ਓਵਰ ਖੇਡ ਕੇ ਅੱਠ ਵਿਕਟਾਂ ਗੁਆ ਕੇ ਭਾਰਤ ਨੂੰ 159 ਦੌੜਾਂ ਦਾ ਟੀਚਾ ਦਿੱਤਾ ਸੀ।

ਪਹਿਲੇ ਮੈਚ ਵਿੱਚ ਮੰਦਾ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਇਸ ਵਾਰ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਕਪਤਾਨ ਰੋਹਿਤ ਸ਼ਰਨਾ ਨੇ ਸ਼ਾਨਦਾਰ ਪਾਰੀ ਖੇਡੀ ਤੇ ਅਰਧ ਸੈਂਕੜਾ ਜੜਿਆ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ 30 ਦੌੜਾਂ ਨਾਲ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਤੇ ਰਿਸ਼ਭ ਪੰਤ ਨੇ ਕ੍ਰਮਵਾਰ 20 ਤੇ 40 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਭਾਰਤੀ ਗੇਂਦਬਾਜ਼ਾਂ ਨੇ ਵੀ ਇਸ ਵਾਰ ਘੱਟ ਦੌੜਾਂ ਦੇ ਕੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਵਖ਼ਤ ਵਿੱਚ ਪਾਈ ਰੱਖਿਆ। ਪਹਿਲੇ ਮੈਚ ਵਿੱਚ ਵਾਰ ਮੇਜ਼ਬਾਨ ਟੀਮ ਨੇ 219 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਇਸ ਵਾਰ ਮਹਿਮਾਨ ਗੇਂਦਬਾਜ਼ਾਂ ਨੇ ਕੀਵੀਆਂ ਨੂੰ 158 ਦੌੜਾਂ ‘ਤੇ ਹੀ ਰੋਕ ਲਿਆ। ਕਰੁਨਾਲ ਪੰਡਿਆ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ। ਕੇ. ਖ਼ਲੀਲ ਅਹਿਮਦ ਨੇ ਦੋ ਤੇ ਭੁਵਨੇਸ਼ਵਰ ਕੁਮਾਰ ਤੇ ਹਾਰਦਿਕ ਪੰਡਿਆ ਨੇ ਵਿਰੋਧੀ ਟੀਮ ਦੇ ਇੱਕ-ਇੱਕ ਖਿਡਾਰੀ ਨੂੰ ਪੈਵੇਲੀਅਨ ਪਹੁੰਚਾਇਆ।

ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਦੋਵੇਂ ਟੀਮਾਂ ਇੱਕ-ਇੱਕ ਦੀ ਬਰਾਬਰੀ ‘ਤੇ ਹਨ। ਹੁਣ ਤੀਜਾ ਟੀ-20 ਮੈਚ 10 ਫਰਵਰੀ ਨੂੰ ਹੈਮਿਲਟਨ ਵਿੱਚ ਖੇਡਿਆ ਜਾਵੇਗਾ, ਜੋ ਕਾਫੀ ਰੁਮਾਂਚਕ ਹੋਵੇਗਾ। ਭਾਰਤ, ਨਿਊਜ਼ੀਲੈਂਡ ਤੋਂ ਪੰਜ ਇੱਕ ਦਿਨਾ ਮੈਚਾਂ ਦੀ ਲੜੀ ਵੀ 4-1 ਦੇ ਵੱਡੇ ਫਰਕ ਨਾਲ ਜਿੱਤ ਚੁੱਕਾ ਹੈ। ਸਮੁੱਚੇ ਦੇਸ਼ ਦੀ ਨਜ਼ਰ ਹੁਣ ਇਸ ਟੀ-20 ਲੜੀ ਜਿੱਤਣ ‘ਤੇ ਵੀ ਹੋਵੇਗੀ।

Leave A Reply

Your email address will not be published.