ਕਰਤਾਰਪੁਰ ਕੌਰੀਡੋਰ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਕੀਤੀ ਗੋਪਾਲ ਚਾਵਲਾ ਦੀ ਛਾਂਟੀ

215

ਲਾਹੌਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਭਾਰਤ ਖ਼ਿਲਾਫ਼ ਬੋਲਣ ਵਾਲੇ ਪਾਕਿ ਸਿੱਖ ਲੀਡਰ ਤੇ ਖ਼ਾਲਿਸਤਾਨ ਦੇ ਹਮਾਇਤੀ ਗੋਪਾਲ ਚਾਵਲਾ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦਾ ਇਹ ਐਕਸ਼ਨ ਭਲਕੇ ਕਰਤਾਰਪੁਰ ਸਾਹਿਬ ਲਾਂਘੇ ‘ਤੇ ਭਾਰਤ ਨਾਲ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਕੀਤਾ ਹੈ।

ਦੋਵਾਂ ਦੇਸ਼ਾਂ ਦਰਮਿਆਨ ਐਤਵਾਰ ਨੂੰ ਅਟਾਰੀ–ਵਾਹਗਾ ਬਾਰਡਰ ’ਤੇ ਬੈਠਕ ਹੋਣੀ ਹੈ, ਇਸ ਤੋਂ ਪਹਿਲਾਂ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਸਰਕਾਰ ਨੇ ਬੇਹੱਦ ਅਹਿਮ ਕਦਮ ਚੁੱਕਿਆ ਹੈ। ਅੱਤਵਾਦੀ ਹਾਫ਼ਿਜ਼ ਸਈਦ ਦੇ ਖ਼ਾਸਮ–ਖ਼ਾਸ ਸਮਝੇ ਜਾਂਦੇ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ’ਚੋਂ ਬਾਹਰ ਕੱਢ ਦਿੱਤਾ ਹੈ। ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਸਾਹਿਬ ਕੌਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ਹੈ। ਉਸ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ।

ਭਾਰਤ ਸਰਕਾਰ ਨੇ ਇਸੇ ਮੁੱਦੇ ਨੂੰ ਲੈ ਕੇ ਪਿਛਲੀ ਵਾਰ ਇਹ ਮੀਟਿੰਗ ਰੱਦ ਕਰ ਦਿੱਤੀ ਸੀ। ਇਸੇ ਲਈ ਹੁਣ ਐਤਵਾਰ ਦੀ ਮੀਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਦੀ ਛਾਂਟੀ ਕਰ ਦਿੱਤੀ ਹੈ। ਗੋਪਾਲ ਸਿੰਘ ਚਾਵਲਾ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਤੇ ਉਸ ਦੇ ਨੇੜਲੇ ਸਬੰਧ ਅੱਤਵਾਦੀ ਹਾਫ਼ਿਜ਼ ਸਈਦ ਤੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨਾਲ ਵੀ ਹਨ। ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਦੇ ਵੀ ਉਹ ਨੇੜੇ ਸਮਝਿਆ ਜਾਂਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਉਹ ਮੀਟਿੰਗਾਂ ਕਰਦਾ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਚਾਵਲਾ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵਿਖਾਈ ਦਿੱਤਾ ਸੀ।

Leave A Reply

Your email address will not be published.