ਕੇਜਰੀਵਾਲ ਦੇ ਦਰਬਾਰ ਪੁੱਜੀ ਪੰਜਾਬ ‘ਆਪ’, ਬਿਜਲੀ ਅੰਦੋਲਨ ਲਈ ਇੱਕਜੁੱਟ ਪਰ ਜ਼ਿਮਨੀ ਚੋਣ ‘ਤੇ ਵੱਖਰੇ ਸੁਰ

87

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਬੈਠਕ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਹੋਈ। ਮੀਟਿੰਗ ਦੌਰਾਨ ਪੰਜਾਬ ਵਿੱਚ ਮਹਿੰਗੀ ਬਿਜਲੀ ਦੇ ਵਿਰੋਧ ਵਿੱਚ ਜਾਰੀ ‘ਆਪ’ ਦੇ ਅੰਦੋਲਨ ਨੂੰ ਉਤਸ਼ਾਹਤ ਕਰਨ ਤੇ ਆਉਣ ਵਾਲੇ ਸਿਆਸੀ ਮੌਸਮ ਬਾਰੇ ਚਰਚਾ ਹੋਈ। ਜਿੱਥੇ ਬਾਕੀ ਮੁੱਦਿਆਂ ‘ਤੇ ਪਾਰਟੀ ਇੱਕਜੁੱਟ ਰਹੀ, ਉੱਥੇ ਹੀ ਜ਼ਿਮਨੀ ਚੋਣਾਂ ਦੇ ਮਸਲੇ ‘ਤੇ ਪਾਰਟੀ ਦੇ ਦੋ ਵੱਡੇ ਲੀਡਰ ਵੱਖੋ ਵੱਖਰੇ ਬਿਆਨ ਦੇ ਗਏ।

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਦੋਵੇਂ ਜ਼ਿਮਨੀ ਚੋਣਾਂ ਲੜਾਂਗੇ। ਦੂਜੇ ਪਾਸੇ, ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਸੱਤਾਧਾਰੀ ਧਿਰ ਧੱਕੇ ਨਾਲ ਜਿੱਤਦੀ ਹੈ, ਅਸੀਂ ਹਾਲੇ ਫੈਸਲਾ ਨਹੀਂ ਕੀਤਾ ਕਿ ਇਹ ਚੋਣਾਂ ਲੜਾਂਗੇ ਕਿ ਨਾ। ਪੰਜਾਬ ਵਿੱਚ ਜਲਾਲਾਬਾਦ ਅਤੇ ਫਗਵਾੜਾ ਵਿੱਚ ਜ਼ਿਮਨੀ ਚੋਣ ਹੋਣੀ ਹੈ ਕਿਉਂਕਿ ਇੱਥੋਂ ਦੇ ਵਿਧਾਇਕ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਹੁਣ ਸੰਸਦ ਮੈਂਬਰ ਬਣ ਚੁੱਕੇ ਹਨ। ਹਾਲਾਂਕਿ, ਪੰਜਾਬ ਵਿੱਚ ਦਲਬਦਲੀ ਕਾਨੂੰਨ ਦੇ ਡੰਗੇ ਵਿਧਾਇਕਾਂ ਕਰਕੇ ਵੀ ਜ਼ਿਮਨੀ ਚੋਣ ਵੀ ਹੋਣੀ ਹੈ, ਪਰ ਇਸ ਮਾਮਲੇ ਦਾ ਨਿਬੇੜਾ ਹਾਲੇ ਬਾਕੀ ਹੈ।

ਬੈਠਕ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਅਤੇ ਕਾਂਗਰਸੀਆਂ ਦੀ ਇਸ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੀਤੀ ਜਾ ਰਹੀ ਲੁੱਟ ਨੂੰ ਘਰ-ਘਰ ਜਾ ਕੇ ਨੰਗਾ ਕੀਤਾ ਜਾਵੇ। ਅੱਜ ਬੈਠਕ ਵਿੱਚ ਪਾਰਟੀ ਨੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੂੰ ਬਿਜਲੀ ਮੋਰਚੇ ਦੀ ਸਮੁੱਚੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇੱਕ ਬਿਜਲੀ ਮੋਰਚਾ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ ਜੋ ਮਾਹਿਰਾਂ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ ਬਿੱਲਾਂ ਅਤੇ ਮੀਟਰਾਂ ਆਦਿ ਦੀ ਖ਼ੁਦ ਜਾਂਚ ਕਰਨ ਦੀ ਟਰੇਨਿੰਗ ਅਤੇ ਜਾਣਕਾਰੀ ਦੇਵੇਗੀ।

Leave A Reply

Your email address will not be published.