ਚੁਰਾਸੀ ਕਤਲੇਆਮ ‘ਤੇ ਰਾਹੁਲ ਗਾਂਧੀ ਨੇ ਯਾਦ ਕੀਤੀ ਮਾਂ ਤੇ ਮਨਮੋਹਨ ਦੀ ਮੁਆਫ਼ੀ

97

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਸਿੱਖ ਕਤਲੇਆਮ ‘ਤੇ ਕਾਂਗਰਸ ਲੀਡਰ ਸੈਮ ਪਿਤ੍ਰੋਦਾ ਦੀ ਸਖ਼ਤ ਆਲੋਚਨਾ ਕੀਤੀ ਹੈ। ਰਾਹੁਲ ਨੇ ਪਿਤ੍ਰੋਦਾ ਨੂੰ ਆਪਣੇ ਬਿਆਨ ‘ਤੇ ਮੁਆਫ਼ੀ ਮੰਗਣ ਲਈ ਵੀ ਕਿਹਾ। ਹਾਲਾਂਕਿ, ਰਾਹੁਲ ਦੇ ਬਿਆਨ ਆਉਣ ਤੋਂ ਪਹਿਲਾਂ ਹੀ ਪਿਤ੍ਰੋਦਾ ਦਾ ਮੁਆਫ਼ੀ ਵਾਲਾ ਬਿਆਨ ਆ ਚੁੱਕਾ ਸੀ।

ਰਾਹੁਲ ਨੇ ਕਿਹਾ ਕਿ ਸਿੱਖ ਦੰਗਿਆਂ ਦਾ ਦਰਦ ਕਦੀ ਭੁਲਾਇਆ ਨਹੀਂ ਜਾ ਸਕਦਾ। ਮੇਰੀ ਮਾਂ ਸੋਨੀਆ ਗਾਂਧੀ ਤੇ ਸਾਬਕਾ ਪੀਐਮ ਮਨਮੋਹਨ ਸਿੰਘ ਨੇ ਵੀ ਮੁਆਫ਼ੀ ਮੰਗੀ ਸੀ। ਰਾਹੁਲ ਗਾਂਧੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸੈਮ ਪਿਤ੍ਰੋਦਾ ਜੀ ਨੇ ਜੋ ਕਿਹਾ ਉਹ ਪਾਰਟੀ ਲਾਈਨ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ 1984 ਅਜਿਹੀ ਤ੍ਰਾਸਦੀ ਸੀ ਜਿਸ ਨੇ ਬਹੁਤ ਪੀੜਾ ਦਿੱਤੀ, ਨਿਆਂ ਹੋਣਾ ਚਾਹੀਦਾ ਹੈ। ਜੋ ਲੋਕ ਵੀ ਇਸ ਦੇ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਦੱਸ ਦੇਈਏ ਸੈਮ ਪਿਤ੍ਰੋਦਾ ਨੇ ਵੀਰਵਾਰ ਨੂੰ ਕਿਹਾ ਸੀ, ‘ਹੁਣ ਕੀ ਹੈ 84 ਦਾ? ਤੁਸੀਂ (ਪੀਐਮ ਮੋਦੀ) ਪੰਜ ਸਾਲਾਂ ਵਿੱਚ ਕੀ ਕੀਤਾ, ਉਸ ਦੀ ਗੱਲ ਕਰੋ। 84 ਵਿੱਚ ਜੋ ਹੋਇਆ, ਉਹ ਹੋਇਆ।’ ਪਿਤ੍ਰੋਦਾ ਦੇ ਇਸ ਬਿਆਨ ਤੋਂ ਬਾਅਦ ਬੀਜੇਪੀ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈ ਲਿਆ ਸੀ। ਦੇਸ਼ ਵਿੱਚ ਕਈ ਥਾਈਂ ਸੈਮ ਪਿਤ੍ਰੋਦਾ ਦਾ ਵਿਰੋਧ ਕੀਤਾ ਗਿਆ। ਇਸ ਪਿੱਛੋਂ ਪਿਤ੍ਰੋਦਾ ਨੇ ਕਿਹਾ ਕਿ ਬੀਜੇਪੀ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ-ਮਰੋੜ ਲਈ ਹੈ।

Leave A Reply

Your email address will not be published.