‘ਜੈ ਸ੍ਰੀ ਰਾਮ’ ਨਾ ਕਹਿਣ ‘ਤੇ ਇੱਕ ਹੋਰ ਨੌਜਵਾਨ ਤਸ਼ੱਦਦ ਦਾ ਸ਼ਿਕਾਰ

86

ਕਾਨਪੁਰ: ਬੀਜੇਪੀ ਨੂੰ ਮਿਲੀ ਵੱਡੀ ਜਿੱਤ ਮਗਰੋਂ ਫਿਰਕੂ ਹਿੰਸਾ ਦੀਆਂ ਵਾਰਦਾਤਾਂ ਵਧ ਗਈਆਂ ਹਨ। ਬੇਸ਼ੱਕ ਪੱਛਮੀ ਬੰਗਾਲ ਵਿੱਚ ਸਭ ਤੋਂ ਬੁਰਾ ਹਾਲ ਹੈ ਪਰ ਦੇਸ਼ ਦੇ ਹਰ ਕੋਨੇ ਵਿੱਚ ਧਰਮ ਦੇ ਨਾਂ ‘ਤੇ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸੰਸਦ ਵਿੱਚ ਇਸ ਦੀ ਅਲੋਚਨਾ ਕਰ ਚੁੱਕੇ ਹਨ ਪਰ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।

ਤਾਜ਼ਾ ਘਟਨਾ ਕਾਨਪੁਰ ਦੇ ਬਾਰਾ ਇਲਾਕੇ ਦੀ ਹੈ। ਇੱਥੇ ਮੁਸਲਿਮ ਲੜਕੇ ਨੂੰ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟ ਸੁੱਟਿਆ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਟੋਪੀ ਪਹਿਨੀ ਹੋਈ ਸੀ ਤੇ ਕੁੱਟਣ ਵਾਲੇ ਉਸ ਨੂੰ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਲਈ ਮਜਬੂਰ ਮਰ ਰਹੇ ਸਨ।

ਬਾਰਾ ਵਾਸੀ ਤਾਜ (16) ਸ਼ੁੱਕਰਵਾਰ ਜਦ ਕਿਦਵਈ ਨਗਰ ਸਥਿਤ ਮਸਜਿਦ ਤੋਂ ਨਮਾਜ਼ ਅਦਾ ਕਰ ਕੇ ਪਰਤ ਰਿਹਾ ਸੀ ਤਾਂ ਤਿੰਨ-ਚਾਰ ਬਾਈਕ ਸਵਾਰਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੇ ਟੋਪੀ ਪਹਿਨੇ ਹੋਣ ਦਾ ਵਿਰੋਧ ਕੀਤਾ। ਪੁਲਿਸ ਮੁਤਾਬਕ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੇ ਤਾਜ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਕਿਹਾ। ਜਦ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ।

ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਤਾਜ ਦਾ ਮੈਡੀਕਲ ਕਰਵਾਇਆ ਗਿਆ ਹੈ। ਜਦ ਘਟਨਾ ਵਾਪਰੀ ਤਾਂ ਉਹ ਆਪਣੇ ਘਰ ਤੋਂ ਥੋੜ੍ਹੀ ਦੂਰੀ ’ਤੇ ਹੀ ਸੀ। ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਭਾਲ ਕੀਤੀ ਜਾ ਰਹੀ ਹੈ। ਤਾਜ ਨੇ ਦੋਸ਼ ਲਾਇਆ ਕਿ ਕੁੱਟਮਾਰ ਕਰਨ ਵਾਲਿਆਂ ਨੇ ਧਮਕੀ ਦਿੱਤੀ ਹੈ ਕਿ ਇਸ ਇਲਾਕੇ ਵਿਚ ਸਿਰ ’ਤੇ ਟੋਪੀ ਪਾ ਕੇ ਦਾਖ਼ਲ ਨਹੀਂ ਹੋਣਾ।

ਉਸ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੇ ਟੋਪੀ ਉਤਾਰ ਦਿੱਤੀ ਤੇ ਉਸ ਨੂੰ ਜੈ ਸ੍ਰੀ ਰਾਮ ਬੋਲਣ ਲਈ ਕਿਹਾ। ਤਾਜ ਨੇ ਦੱਸਿਆ ਕਿ ਕੁੱਟਮਾਰ ’ਤੇ ਜਦ ਉਸ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਉਸ ਨੂੰ ਬਚਾਇਆ। ਲੋਕਾਂ ਦੇ ਇਕੱਠੇ ਹੋਣ ’ਤੇ ਕੁੱਟਮਾਰ ਕਰਨ ਵਾਲੇ ਫ਼ਰਾਰ ਹੋ ਗਏ।

ਉਧਰ, ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤੇ ਜਾਣ ਦੇ ਮਾਮਲਿਆਂ ਨੂੰ ਫ਼ਿਰਕੂ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਜਾਂ ਇਨ੍ਹਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨਕਵੀ ਨੇ ਕਿਹਾ ਕਿ ਹਜੂਮੀ ਕਤਲ ਇਕ ਅਪਰਾਧਕ ਵਿਸ਼ਾ ਹੈ। ਇਹ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ।

Leave A Reply

Your email address will not be published.