24 ਘੰਟਿਆਂ ‘ਚ ਅਸਮਾਨੀ ਬਿਜਲੀ, ਹਨੇਰੀ ਤੇ ਮੀਂਹ ਨੇ ਵਰ੍ਹਾਇਆ ਕਹਿਰ- 17 ਮੌਤਾਂ

61

ਲਖਨਊ: ਪਿਛਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ, ਅਸਮਾਨੀ ਬਿਜਲੀ ਤੇ ਮੀਂਹ ਕਾਰਨ ਵੱਖ-ਵੱਖ ਹਾਦਸਿਆਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਸਿਧਾਰਥਨਗਰ ਵਿੱਚ ਚਾਰ, ਦੇਵਰੀਆ ਤੇ ਬਸਤੀ ਵਿੱਚ ਤਿੰਨ-ਤਿੰਨ, ਬਲੀਆ ਵਿੱਚ ਦੋ, ਆਜ਼ਮਗੜ੍ਹ, ਕੁਸ਼ੀਨਗਰ, ਮਹਾਰਾਜਗੰਜ, ਲਖੀਮਪੁਰ ਤੇ ਪੀਲੀਭੀਤ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਿਧਾਰਥਨਗਰ ਵਿੱਚ ਟੀਨ ਦਾ ਸ਼ੈੱਡ ਡਿੱਗ ਪਿਆ, ਜਿਸ ਹੇਠ ਆ ਕੇ ਮਜ਼ਦੂਰ ਦੀ ਮੌਤ ਹੋ ਗਈ ਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਬਸਤੀ ਜ਼ਿਲ੍ਹੇ ਵਿੱਚ ਭਾਰੀ ਬਰਸਾਤ ਦੌਰਾਨ ਇੱਕ ਵਿਅਕਤੀ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇੰਨੇ ਵਿੱਚ ਅਸਮਾਨੀਂ ਬਿਜਲੀ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਇਸੇ ਜ਼ਿਲ੍ਹੇ ਦੇ ਪਿੰਡ ਦੇਬਰੂਆ ਵਿੱਚ 30 ਸਾਲਾ ਵਿਸ਼ਾਲ ਵੱਡੇ ਦਰੱਖ਼ਤ ਦੀ ਲਪੇਟ ਵਿੱਚ ਆ ਗਿਆ। ਦਰੱਖ਼ਤ ਡਿੱਗਣ ਕਾਰਨ ਉਸ ਦਾ 8 ਸਾਲਾ ਭਤੀਜਾ ਵੀ ਗੰਭੀਰ ਜ਼ਖ਼ਮੀ ਹੈ।

ਸਿਧਾਰਥਨਗਰ ਵਿੱਚ 65 ਸਾਲਾ ਬੁਧਨਾ ਵੀ ਆਪਣੇ ਖੇਤ ਵਿੱਚ ਬੈਠਾ ਡਿੱਗਦੇ ਦਰੱਖ਼ਤ ਦੀ ਲਪੇਟ ਵਿੱਚ ਆ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੇਵਰੀਆ ਜ਼ਿਲ੍ਹੇ ਦੇ ਭੁਲਵਾਨੀ ਪਿੰਡ ਵਿੱਚ ਬਿਜਲੀ ਦਾ ਖੰਭਾ ਡਿੱਗਣ ਕਾਰਨ 22 ਸਾਲਾ ਸ਼ੁਭਮ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਪਿੰਡ ਗੌਜ਼ੀਬਾਜ਼ਾਰ ਵਿੱਚ ਅਸਮਾਨੀ ਬਿਜਲੀ ਕਾਰਨ 55 ਸਾਲਾ ਔਰਤ ਦੀ ਮੌਤ ਹੋ ਗਈ। ਇਸੇ ਪਿੰਡ ਵਿੱਚ ਅੱਠ ਸਾਲਾ ਮੁੰਡੇ ‘ਤੇ ਕੰਧ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave A Reply

Your email address will not be published.