‘ਆਪ’ ਤੇ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਕਾਰਨ ਕਾਂਗਰਸੀ ਟਿਕਟਾਂ ਦੇ ਦਾਅਵੇਦਾਰ ਵਧੇ

146

ਜਲੰਧਰ  : ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਚੱਲ ਰਹੇ ਅੰਦਰੂਨੀ ਕਲੇਸ਼ ਕਾਰਨ ਕਾਂਗਰਸੀ ਟਿਕਟਾਂ ਹਾਸਲ ਕਰਨ ਦੇ ਦਾਅਵੇਦਾਰਾਂ ਦੀ ਗਿਣਤੀ ਵਧ ਗਈ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਭਾਵੇਂ ਲੋਕ ਸਭਾ ਦੀਆਂ ਚੋਣਾਂ ‘ਚ ਅਜੇ 3-4 ਮਹੀਨੇ ਪਏ ਹਨ ਪਰ ਕਾਂਗਰਸ ਟਿਕਟ ਨੂੰ ਸੁਰੱਖਿਅਤ ਬਣਾਉਣ ਲਈ ਦਾਅਵੇਦਾਰ ਹੁਣ ਤੋਂ ਹੀ ਸਰਗਰਮ ਹੋ ਗਏ ਹਨ।  ਪੰਜਾਬ ਕਾਂਗਰਸ ਦੇ ਪ੍ਰਧਾਨ ਸਨੀਲ ਜਾਖੜ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੇ ਇੱਛੁਕਾਂ ਦੀ ਗਿਣਤੀ ਕਾਫੀ ਵਧ ਗਈ  ਹੈ। ਕਾਂਗਰਸ ਲਈ ਇਹ ਇਕ ਚੰਗਾ ਸੰਕੇਤ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹਨ, ਨੂੰ ਦੇਖਦਿਆਂ ਕਾਂਗਰਸੀ ਆਗਆਂ ਨੂੰ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਦਾ ਪ੍ਰਦਰਸ਼ਨ ਲੋਕ ਸਭਾ ਦੀਆਂ ਚੋਣਾਂ ‘ਚ ਬਹੁਤ ਵਧੀਆ ਹੋਵੇਗਾ।

ਇਹੀ ਕਾਰਨ ਹੈ ਕਿ ਲੋਕ ਸਭਾ ‘ਚ ਪਹੁੰਚ ਦੀ ਉਮੀਦ ਨੂੰ ਲੈ ਕੇ ਕਾਂਗਰਸੀ ਟਿਕਟ ਹਾਸਲ ਕਰਨ ਦਾ ਦਾਅਵੇਦਾਰ ਆਪਣੀ ਟਿਕਟ ਹੁਣ ਤੋਂ ਹੀ ਸੁਰੱਖਿਅਤ ਕਰਨੀ ਚਾਹੁੰਦੇ ਹਨ। ਉਹ ਕੈਪਟਨ ਅਮਰਿੰਦਰ ਅਤੇ ਹੋਰਨਾਂ ਆਗੂਆਂ ਤਕ ਆਪਣੀ ਪਹੁੰਚ ਬਣਾਉਣ ‘ਚ ਜੁਟੇ ਹੋਏ ਹਨ।  ਪਾਰਟੀ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਅਕਾਲੀ ਬਹੁ-ਗਿਣਤੀ ਵਾਲੀਆਂ ਸੀਟਾਂ ‘ਤੇ ਵੀ ਕਾਂਗਰਸ ਦੇ ਦਾਅਵੇਦਾਰਾਂ ਦੀ ਗਿਣਤੀ ਵਧੇਰੇ ਦੱਸੀ ਜਾ ਰਹੀ ਹੈ। ਜਿਨ੍ਹਾਂ ਸੀਟਾਂ ‘ਤੇ ਪਿਛਲੀ ਵਾਰ ‘ਆਪ’ ਦੇ ਐੱਮ. ਪੀ. ਚੁਣੇ ਗਏ ਸਨ, ਉਥੇ ਕਾਂਗਰਸੀ ਦਾਅਵੇਦਾਰਾਂ ਦੀ ਗਿਣਤੀ ਇਸ ਵਾਰ ਵੱਧ ਹੈ। ਬਠਿੰਡਾ ਸੀਟ ‘ਤੇ ਮਨਪ੍ਰੀਤ ਬਾਦਲ ਦੀ ਪਤਨੀ ਸਿਆਸੀ ਤੌਰ ‘ਤੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਸੰਗਰੂਰ ਤੋਂ  ਕੇਵਲ ਸਿੰਘ ਢਿੱਲੋਂ ਅਤੇ ਰਾਜਿੰਦਰ ਕੌਰ ਭੱਠਲ ਦੇ ਨਾਂ ਚਰਚਾ ‘ਚ ਹਨ।

ਓਧਰ ਸੂਬਾਈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ‘ਚ ਕਾਂਗਰਸ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਦਮ ‘ਤੇ ਚੋਣਾਂ ਲੜੇਗੀ। ਚੋਣਾਂ ਦੌਰਾਨ ਕਾਂਗਰਸ ਦਾ ਧਿਆਨ ਹੋਰਨਾਂ ਪਾਰਟੀਆਂ ਦੀ ਲੜਾਈ ਵਲ ਨਹੀਂ ਰਹੇਗਾ। ਵਿਰੋਧੀ ਪਾਰਟੀਆਂ ਦਰਮਿਆਨ ਚੱਲ ਰਹੀ ਲੜਾਈ ਉਕਤ ਪਾਰਟੀਆਂ ਦਾ ਅੰਦਰੂਨੀ ਮਾਮਲਾ ਹੈ। ਕਾਂਗਰਸ ਉਸ ਵੱਲ ਧਿਆਨ ਨਹੀਂ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ। ਘਰ-ਘਰ ਰੋਜ਼ਗਾਰ ਯੋਜਨਾ ਨੂੰ ਸ਼ੁਰੂ ਕੀਤਾ ਹੈ, ਨਾਲ ਹੀ ਸੂਬੇ ‘ਚ ਗੈਂਗਸਟਰਾਂ ਦਾ ਸਫਾਇਆ ਕਰ ਕੇ ਡਰ ਮੁਕਤ ਮਾਹੌਲ ਬਣਾਇਆ ਹੈ। ਮੋਦੀ ਦੀ ਅਗਵਾਈ  ਵਾਲੀ ਕੇਂਦਰ ਸਰਕਾਰ ਸਾਢੇ 4 ਸਾਲ ਦੌਰਾਨ ਲੋਕਾਂ ‘ਤੇ ਕੋਈ ਪ੍ਰਭਾਵ ਨਹੀਂ ਛੱਡ ਸਕੀ।

Leave A Reply

Your email address will not be published.