ਆਮ ਆਦਮੀ ਪਾਰਟੀ ਦੇ ‘ਖਾਸ’ ਉਮੀਦਵਾਰ ਖਿਲਾਫ ‘ਬਗਾਵਤ’

68

ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਖਾਸ ਉਮੀਦਵਾਰ ਉਤਾਰੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਪਾਰਟੀ ਵਰਕਰ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਗਿਲਾ ਹੈ ਕਿ ਹਲਕੇ ਤੋਂ ਬਾਹਰਲੇ ਬੰਦੇ ਨੂੰ ਚੁੱਪ-ਚੁਪੀਤੇ ਉਮੀਦਵਾਰ ਐਲਾਨ ਕਰਕੇ ਪਾਰਟੀ ਨੇ ਚੰਗਾ ਨਹੀਂ ਕੀਤਾ।

ਜਲੰਧਰ ਤੋਂ ਟਿਕਟ ਦੇ ਦਾਅਵੇਦਾਰ ਡਾ. ਸ਼ਿਵ ਦਿਆਲ ਮਾਲੀ ਵੀ ਖਫਾ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਗੁੱਸੇ ਦਾ ਇਜ਼ਹਾਰ ਪਾਰਟੀ ਸਫ਼ਾਂ ਅੰਦਰ ਹੀ ਕਰਨਗੇ। ਜਲੰਧਰ ਹਲਕੇ ’ਚ ਵਰਕਰ ਵੀ ਦਿੱਲੀ ਦੇ ਫ਼ੈਸਲੇ ਤੋਂ ਖਫ਼ਾ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾ ਕੇ ਪਾਰਟੀ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ।

‘ਆਪ’ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਟਿਕਟ ਨਾ ਮਿਲਣ ’ਤੇ ਹਿਰਖ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਜਲੰਧਰ ਲੋਕ ਸਭਾ ਹਲਕੇ ਤੋਂ ਕੀਤੀ ਸੀ, ਜਦੋਂ ਟਿਕਟ ਦਾ ਐਲਾਨ ਜਸਟਿਸ ਜ਼ੋਰਾ ਸਿੰਘ ਲਈ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਸੈਂਕੜੇ ਪਾਰਟੀ ਵਾਲੰਟੀਅਰਾਂ ਦੇ ਫੋਨ ਆਏ ਜਿਨ੍ਹਾਂ ਨੇ ਤਿੱਖੀ ਨਾਰਾਜ਼ਗੀ ਪ੍ਰਗਟਾਈ। ਵਾਲੰਟੀਅਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।

ਹਾਸਲ ਜਾਣਕਾਰੀ ਅਨੁਸਾਰ ‘ਆਪ’ ਨੇ ਜਾਤੀ ਸਮੀਕਰਨ ਨੂੰ ਧਿਆਨ ਵਿਚ ਰੱਖ ਕੇ ਹੀ ਜਸਟਿਸ ਜ਼ੋਰਾ ਸਿੰਘ ਦੇ ਨਾਂ ’ਤੇ ਮੋਹਰ ਲਾਈ ਹੈ। ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜਿਹੜੇ ਜਲੰਧਰ ਲੋਕ ਸਭਾ ਹਲਕੇ ’ਚ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹਨ। ਉਂਝ ਜਲੰਧਰ ਲੋਕ ਸਭਾ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਨੂੰ ਬਾਹਰੋਂ ਹੀ ਉਮੀਦਵਾਰ ਲਿਆਉਣੇ ਪਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਬਾਹਰਲੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ’ਤੇ ਟੇਕ ਰੱਖੀ ਹੋਈ ਹੈ।

Leave A Reply

Your email address will not be published.