ਕੌਮਾਂਤਰੀ ਵਾਤਾਵਰਨ ਦਿਹਾੜੇ ‘ਤੇ ਕੈਪਟਨ ਦੇ ਮੰਤਰੀ ਦਾ ‘ਚੋਣ ਪ੍ਰਚਾਰ’

52

ਰੂਪਨਗਰ: ਕੌਮਾਂਤਰੀ ਵਾਤਾਵਰਨ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਆਈਆਈਟੀ ਰੋਪੜ ਵਿੱਚ ਸਮਾਗਮ ਰੱਖਿਆ, ਜਿਸ ਵਿੱਚ ਕੈਪਟਨ ਦੇ ਮੰਤਰੀ ਨੇ ਜ਼ਿਆਦਾਤਰ ਸਿਆਸੀ ਵਾਤਾਵਰਨ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਵਾਤਾਵਰਨ ਸੁਧਾਰ ਬਾਰੇ ਗੱਲਾਂ ਸਟੇਜ ‘ਤੇ ਕਰਨੀਆਂ ਪਸੰਦ ਨਾ ਆਈਆਂ ਤੇ ਉਨ੍ਹਾਂ ਸਿਆਸੀ ਮਾਹੌਲ ਸਿਰਜ ਦਿੱਤਾ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਵੀ ਮੌਜੂਦ ਸਨ। ਆਪਣੀ ਮੌਜੂਦਗੀ ਵਿੱਚ ਸਟੇਜ ਤੋਂ ਪ੍ਰਦੂਸ਼ਿਤ ਵਾਤਾਵਰਨ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾ ਸਕਦਾ ਹੈ, ਉਸ ਦੀਆਂ ਗੱਲਾਂ ਹੋ ਰਹੀਆਂ ਸਨ। ਪਰ ਜਿਵੇਂ ਹੀ ਸਾਧੂ ਸਿੰਘ ਧਰਮਸੋਤ ਦੀ ਵਾਰੀ ਆਈ ਗੱਲਾਂ ਵਾਤਾਵਰਨ ਦੀਆਂ ਨਹੀਂ ਅਕਾਲੀ ਦਲ ‘ਤੇ ਦੋਸ਼ ਲੱਗਣੇ ਸ਼ੁਰੂ ਹੋ ਗਏ।

ਇੰਨਾ ਹੀ ਨਹੀਂ ਬਲਕਿ ਧਰਮਸੋਤ ਨੇ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਚਿੱਟੇ ਦੇ ਵੀ ਇਲਜ਼ਾਮ ਲਾ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ੇ ਲਈ ਅਕਾਲੀ ਦਲ ਦੀ ਸਰਕਾਰ ਜ਼ਿੰਮੇਵਾਰ ਸੀ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ। ਹਾਲਾਂਕਿ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਨੂੰ ਸ਼ਕਤੀਆਂ ਹਨ ਕਿ ਜੋ ਵੀ ਇੰਡਸਟਰੀ ਗੰਧਲਾ ਪਾਣੀ ਛੱਡੇਗੀ, ਉਸ ਨੂੰ ਬੰਦ ਕਰ ਦਿੱਤਾ ਜਾਵੇ।

ਬੇਸ਼ੱਕ ਲੋਕ ਸਭਾ ਚੋਣਾਂ ਤਾਂ ਖ਼ਤਮ ਹੋ ਚੁੱਕੀਆਂ ਹਨ ਪਰ ਕੈਪਟਨ ਦੇ ਮੰਤਰੀ ਹਾਲੇ ਤਕ ਚੋਣ ਪ੍ਰਚਾਰ ਵਿੱਚੋਂ ਬਾਹਰ ਨਾ ਨਿਕਲ ਸਕੇ। ਆਈਟੀਆਈ ਵਿੱਚ ਵਿਦਿਆਰਥੀਆਂ ਨੂੰ ਜੇਕਰ ਧਰਮਸੋਤ ਕੋਈ ਜੰਗਲਾਤ ਬਾਰੇ ਗਿਆਨ ਦਿੰਦੇ ਤਾਂ ਉਨ੍ਹਾਂ ਨੂੰ ਚੰਗਾ ਲੱਗਦਾ ਪਰ ਸਿਆਸੀ ਗਿਆਨ ਸ਼ਾਇਦ ਹੀ ਕੋਈ ਸੁਣਨਾ ਚਾਹੁੰਦਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਜੰਗਲਾਤ ਮੰਤਰੀ ਨੂੰ ਆਖਰਕਾਰ ਕੌਣ ਸਮਝਾਵੇ, ਜੋ ਆਈਆਈਟੀ ਰੋਪੜ ਪਹੁੰਚ ਕੇ ਵੀ ਵਾਤਾਵਰਨ ਵਾਲੇ ਦਿਨ ਨੂੰ ਮਨਾਉਣ ਵੇਲੇ ਵੋਟਾਂ ਦੀਆਂ ਗੱਲਾਂ ਕਰ ਰਹੇ ਸਨ।

Leave A Reply

Your email address will not be published.