ਕੰਬਲਾਂ ਦੇ ਸ਼ੋਅਰੂਮ ਤੇ ਇਕ ਗੋਦਾਮ ’ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

103

ਹੁਸ਼ਿਆਰਪੁਰ –  ਦੀਵਾਲੀ ਦੇ ਮੌਕੇ ’ਤੇ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ’ਚ ਅੱਗ ਲੱਗਣ ਦੀਆਂ ਕਰੀਬ ਅੱਧਾ ਦਰਜਨ ਘਟਨਾਵਾਂ ’ਚ ਫਾਇਰ ਕਰਮਚਾਰੀਆਂ ਨੇ ਕਾਬੂ ਪਾਇਆ। ਰਾਤ ਕਰੀਬ 10 ਵਜੇ ਕ੍ਰਿਸ਼ਨਾ ਨਗਰ ’ਚ ਬਲੈਂਕਟਸ ਇੰਡੀਆ ਦੇ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਟਾਕ ਸਡ਼ ਕੇ ਸੁਆਹ ਹੋ ਗਿਆ। ਸ਼ੋਅਰੂਮ ਦੇ ਮਾਲਕਾਂ ਵੱਲੋਂ ਪਹਿਲਾਂ ਤਾਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ ਗਏ  ਪਰ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ।
ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀਆਂ ਨੇ ਕਰੀਬ ਇਕ ਘੰਟੇ ਦੀ ਜੱਦੋ-ਜਹਿਦ ਉਪਰੰਤ ਅੱਗ ’ਤੇ ਕਾਬੂ ਪਾ ਲਿਆ  ਪਰ ਇਸ ਦੌਰਾਨ ਅੰਦਰ ਪਿਆ ਲੱਖਾਂ ਦਾ ਸਟਾਕ ਅਗਨਭੇਟ ਹੋ ਗਿਆ। ਸ਼ੋਅਰੂਮ ਦੇ ਮਾਲਕ ਸੁਨੀਲ ਸ਼ਰਮਾ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

ਇਸ ਦੌਰਾਨ ਅੱਜ ਸਵੇਰੇ ਸਥਾਨਕ ਗਊਸ਼ਾਲਾ ਬਾਜ਼ਾਰ ’ਚ ਸਥਿਤ ਇਕ ਗੋਦਾਮ ’ਚ ਅੱਗ ਲੱਗ ਗਈ। ਗੋਦਾਮ ਦੇ ਮਾਲਕ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਸਾਹਮਣੇ ਸਥਿਤ ਗੋਦਾਮ ’ਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਅਤੇ ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀਆਂ ਨੇ ਕਰੀਬ ਸਵਾ ਘੰਟੇ ’ਚ ਅੱਗ ’ਤੇ ਕਾਬੂ ਪਾ ਲਿਆ ਪਰ ਗੋਦਾਮ ਵਿਚ ਪਏ ਝਾਡ਼ੂ, ਬਾਣ, ਰੱਸੇ, ਤਰਪਾਲ ਤੇ ਪਲਾਸਟਿਕ ਆਦਿ ਦਾ ਸਾਮਾਨ ਅਗਨਭੇਟ ਹੋ ਗਿਆ। ਇਸ ਤੋਂ ਇਲਾਵਾ ਕਮੇਟੀ ਬਾਜ਼ਾਰ, ਸਰਕਾਰੀ ਗਰਲਜ਼ ਸਕੂਲ ਨਵੀਂ ਆਬਾਦੀ  ਦੀ ਛੱਤ ’ਤੇ, ਪਿੰਡ ਨੌਸ਼ਹਿਰਾ ਸਥਿਤ ਗੰਨੇ ਦੇ ਇਕ ਖੇਤ ਅਤੇ ਅੱਜ ਸ਼ਾਮ ਸ਼ਹਿਰ ਦੇ ਸ਼ੇਖਾਂ ਮੁਹੱਲੇ ’ਚ ਇਕ ਖਾਲੀ ਪਲਾਟ ਵਿਚ ਅੱਗ ਲੱਗ ਜਾਣ ਦਾ ਸਮਾਚਾਰ ਮਿਲਿਆ ਹੈ।
ਸ਼ਹਿਰ ਦੇ ਬਾਹਰੀ ਇਲਾਕੇ ’ਚ ਖਡ਼੍ਹੇ ਕੀਤੇ ਗਏ ਸਨ 2 ਫਾਇਰ ਟੈਂਡਰ
ਫਾਇਰ ਸਟੇਸ਼ਨ ਅਫ਼ਸਰ ਸਾਦਿਕ ਮਸੀਹ ਅਨੁਸਾਰ ਦੀਵਾਲੀ ਦੇ ਮੌਕੇ ’ਤੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ 2 ਫਾਇਰ ਟੈਂਡਰ ਸ਼ਹਿਰ ਦੇ ਬਾਹਰੀ ਇਲਾਕਿਆਂ ਰਾਮ ਲੀਲਾ ਗਰਾਊਂਡ ਤੇ ਰੋਸ਼ਨ ਗਰਾਊਂਡ ਵਿਚ ਤਿਆਰ ਖਡ਼੍ਹੇ ਕੀਤੇ ਗਏ ਸਨ ਕਿਉਂਕਿ ਫਾਇਰ ਸਟੇਸ਼ਨ ਰੇਲਵੇ ਰੋਡ ਦੇ ਬਾਜ਼ਾਰੀ ਇਲਾਕੇ ਵਿਚ ਹੋਣ ਕਾਰਨ ਭੀਡ਼  ਕਾਰਨ ਘਟਨਾ ਸਥਾਨ ’ਤੇ ਪਹੁੰਚਣ ’ਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਫ. ਓ. ਵਿਨੋਦ ਕੁਮਾਰ ਦੇ ਨਾਲ ਪ੍ਰਵੀਨ ਕੁਮਾਰ, ਮਾਨ ਸਿੰਘ, ਅਰੁਣੇਸ਼ ਸੈਣੀ, ਸ਼ੁਭਮ, ਵਿਜੇ ਕੁਮਾਰ, ਹਰਵਿੰਦਰ ਸਿੰਘ, ਅਵਤਾਰ  ਸਿੰਘ, ਰਮਨ ਕੁਮਾਰ, ਪਵਨ ਸੈਣੀ ਤੇ ਅਜੇ ਪਾਲ ਮੁਸਤੈਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਜੂਝਦੇ ਰਹੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਦਸਿਆਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave A Reply

Your email address will not be published.