ਚਾਰ ਰਾਤਾਂ ਤੋਂ ਬਾਅਦ ਪੰਜਵਾਂ ਦਿਨ ਵੀ ਚੜ੍ਹਿਆ, ਫ਼ਤਹਿ ਨੂੰ ਬਾਹਰ ਕੱਢਣ ‘ਚ ਲੱਗੇਗਾ ਕੁਝ ਹੋਰ ਸਮਾਂ

14

ਸੰਗਰੂਰ: ਮਿਸ਼ਨ ਫ਼ਤਹਿ ਪੰਜਵੇਂ ਦਿਨ ਵੀ ਜਾਰੀ ਹੈ। ਹਾਲਾਂਕਿ, ਐਨਡੀਆਰਐਫ ਨੇ ਫ਼ਤਹਿ ਤਕ ਪਹੁੰਚਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ। ਪਰ ਕੁਝ ਕਾਰਨਾਂ ਕਰਕੇ ਹਾਲੇ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।ਅੱਜ ਫ਼ਤਹਿਵੀਰ ਦਾ ਦੂਜਾ ਜਨਮਦਿਨ ਹੈ ਅਤੇ ਸਾਰੇ ਦੁਆ ਕਰ ਰਹੇ ਹਨ ਕਿ ਉਹ ਆਪਣਾ ਜਨਮਦਿਨ ਮਨਾ ਸਕੇ। ਪਰ ਬੋਰ ਦੇ ਫ਼ਿਲਟਰ ਵਿੱਚ ਫਸੇ ਹੋਣ ਕਾਰਨ ਫ਼ਤਹਿ ਨੂੰ ਬਚਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਬੇਭਰੋਸਗੀ ਵੱਧ ਰਹੀ ਹੈ।

ਪੁਲਿਸ ਨੇ ਲੋਕਾਂ ਨੂੰ ਦੂਰ ਰੱਖਣ ਲਈ ਅੱਜ ਬੈਰੀਕੇਡਿੰਗ ਕਰ ਦਿੱਤੀ ਹੈ, ਤਾਂ ਜੋ ਬੱਚੇ ਨੂੰ ਬਾਹਰ ਕੱਢਣ ਸਮੇਂ ਹਾਲਾਤ ਕਾਬੂ ਵਿੱਚ ਰੱਖੇ ਜਾ ਸਕਣ। ਫ਼ਤਹਿਵੀਰ ਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਸੀਸੀਟੀਵੀ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਫ਼ਤਹਿਵੀਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਪਰ ਐਨਡੀਆਰਐਫ ਟੀਮਾਂ ਉਸ ਤੋਂ ਹੇਠਾਂ ਜਾ ਕੇ ਪਾਈਪ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹਿੱਲਜੁੱਲ ਹੋਣ ਕਰਕੇ ਕਿਤੇ ਬੱਚਾ ਹੋਰ ਹੇਠਾਂ ਨਾ ਖਿਸਕ ਜਾਵੇ।

ਪਰ ਨਵੇਂ ਪੁੱਟੇ ਗਏ ਬੋਰ ਵਿੱਚ ਤਕਨੀਕੀ ਉਪਕਰਨਾਂ ਦੀ ਘਾਟ ਕਾਰਨ ਫ਼ਤਹਿਵੀਰ ਨੂੰ ਬਾਹਰ ਲਿਆਉਣ ਲਈ ਕੁਝ ਸਮਾਂ ਹੋਰ ਲੱਗ ਸਕਦਾ ਹੈ। ਜ਼ਮੀਨ ਤੇ ਬੋਰ ਅੰਦਰ ਬਚਾਅ ਟੀਮਾਂ ਦਾ ਵਾਕੀ-ਟਾਕੀ ਵੀ ਨਹੀਂ ਕੰਮ ਕਰ ਰਿਹਾ, ਇਸ ਲਈ ਆਵਾਜ਼ ਦੇ ਕੇ ਜਾਂ ਵਾਰ-ਵਾਰ ਉੱਪਰ ਆ ਕੇ ਗੱਲਬਾਤ ਜਾਰੀ ਹੈ। ਦੇਰੀ ਦੇ ਨਾਲ-ਨਾਲ ਇਸ ਬਚਾਅ ਕਾਰਜ ਵਿੱਚ ਤਕਨੀਕੀ ਸਹਾਇਤਾ ਵਿੱਚ ਬੇਹੱਦ ਕਮੀ ਦੇਖਣ ਨੂੰ ਮਿਲੀ ਹੈ।

Leave A Reply

Your email address will not be published.