ਚੋਣਾਂ ‘ਚ ਡੇਰਾ ਸਿਰਸਾ ਤੋਂ ਮਦਦ ਲੈਣ ‘ਤੇ ਕਾਂਗਰਸ ਦੀ ਤੌਬਾ

110

ਜਲੰਧਰ : ਬਲਾਤਕਾਰ ਤੇ ਕਤਲ ਦੇ ਦੋਸ਼ਾਂ ਹੇਠ ਸਜ਼ਾਯਾਫ਼ਤਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਾਂਗਰਸ ਹੁਣ ਕੋਈ ਵੀ ਨਾਤਾ ਨਹੀਂ ਰੱਖਣਾ ਚਾਹੁੰਦੀ। ਪੰਜਾਬ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਡੇਰਾ ਸਿਰਸਾ ਤੋਂ ਕਿਸੇ ਕਿਸਮ ਦੀ ਮਦਦ ਨਹੀਂ ਲੈਣਗੇ। ਇਹ ਐਲਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿੱਚ ਕੀਤਾ।

ਜਾਖੜ ਨੇ ਕਿਹਾ ਕਿ ਇਸ ਵਾਰ ਕਾਂਗਰਸ ਡੇਰਾ ਸਿਰਸਾ ਦੀ ਸਪੋਰਟ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਹੈ ਤੇ ਹੁਣ ਅਸੀਂ ਡੇਰਾ ਸਿਰਸਾ ਦੀ ਮਦਦ ਨਹੀਂ ਲਵਾਂਗੇ। ਇਸ ਮੌਕੇ ਅਕਾਲੀ ਦਲ ਨੂੰ ਡੇਰਾ ਸਿਰਸਾ ਦੀ ਹਮਾਇਤ ਬਾਰੇ ਬੋਲਦਿਆਂ ਜਾਖੜ ਨੇ ਸੁਖਬੀਰ ‘ਤੇ ਸਵਾਲ ਵੀ ਚੁੱਕੇ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਪਹਿਲੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਡੇਰਾ ਸਿਰਸਾ ਤੋਂ ਕੋਈ ਮਦਦ ਨਹੀਂ ਲਵੇਗੀ। ਜਾਖੜ ਮੁਤਾਬਕ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਦਾ ਸਟੈਂਡ ਇਸ ਮਸਲੇ ‘ਤੇ ਸੁਖਬੀਰ ਬਾਦਲ ਦੀ ਦੱਸਣਗੇ। ਸੁਨੀਲ ਜਾਖੜ ਨੇ ਕਿਹਾ ਕਿ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਡੇਰਾ ਸਿਰਸਾ ਦੀ ਸਪੋਰਟ ਲੈਣਾ ਚਾਹੁੰਦਾ ਹੈ ਤਾਂ ਸਾਹਮਣੇ ਆ ਕੇ ਲੋਕਾਂ ਨੂੰ ਦੱਸੇ।

ਉਨ੍ਹਾਂ ਸੁਖਬੀਰ ਬਾਦਲ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਜੇਲ੍ਹ ਵਿੱਚ ਜਾ ਕੇ ਰਾਮ ਰਹੀਮ ਨਾਲ ਮੁਲਾਕਾਤ ਕਰਨਗੇ। ਜਾਖੜ ਨੇ ਕਿਹਾ ਕਿ ਲੱਗਦਾ ਹੈ ਕਿ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਰਾਮ ਰਹੀਮ ਨਾਲ ਵੋਟਾਂ ਦੀ ਡੀਲ ਕਰਨਗੇ ਕਿਉਂਕਿ ਮੁੰਬਈ ਵਾਲਾ ਕੰਮ ਤਾਂ ਹੁਣ ਖ਼ਤਮ ਹੋ ਗਿਆ।

Leave A Reply

Your email address will not be published.