ਜਲੰਧਰ: ਫੇਸਬੁੱਕ ’ਤੇ ਲਾਈਵ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

113

ਜਲੰਧਰ: ਪਰਵਾਰ ਤੋਂ ਤੰਗ ਆ ਇਕ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜੋ ਸ਼ਹਿਰ ਦੇ ਥਾਣਾ ਨੰ. 1 ਅਧੀਨ ਆਉਂਦੇ ਗੁਰਬਚਨ ਸਿੰਘ ਨਗਰ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਅਪਣੇ ਪਰਵਾਰ ਵਾਲਿਆਂ ਤੋਂ ਤੰਗ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।

ਜ਼ਹਿਰੀਲੀ ਦਵਾਈ ਖਾਣ ਮਗਰੋਂ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਅਪਣੇ ਹੀ ਪਰਵਾਰ ਵਾਲਿਆਂ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਕ, ਸੁਖਵਿੰਦਰ ਸਿੰਘ (38) ਦਾ ਵਿਆਹ ਦੋ ਸਾਲ ਪਹਿਲਾਂ ਮਨਪ੍ਰੀਤ ਨਾਂਅ ਦੀ ਲੜਕੀ ਨਾਲ ਹੋਇਆ ਸੀ। ਉਸ ਦੀ ਇਕ ਬੇਟੀ ਵੀ ਹੈ।

ਸੁਖਵਿੰਦਰ ਦੀ ਭੈਣ ਅਤੇ ਉਸ ਦਾ ਜੀਜਾ ਪਿਛਲੇ 8 ਸਾਲਾਂ ਤੋਂ ਉਨ੍ਹਾਂ ਦੇ ਘਰ ’ਚ ਰਹਿ ਰਹੇ ਹਨ, ਜਿਸ ਕਰਕੇ ਪਰਿਵਾਰ ’ਚ ਘਰੇਲੂ ਕਲੇਸ਼ ਰਹਿੰਦਾ ਹੈ। ਸੁਖਵਿੰਦਰ ਦਾ ਪਿਤਾ ਸਵਰਣ ਸਿੰਘ ਅਪਣੇ ਪੁੱਤਰ ਸੁਖਵਿੰਦਰ ਅਤੇ ਨੂੰਹ ਮਨਪ੍ਰੀਤ ਨੂੰ ਘਰੋਂ ਕੱਢਣਾ ਚਾਹੁੰਦਾ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਹੋ ਕੇ ਸੁਖਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ, ਭਰਾ, ਭੈਣ ਅਤੇ ਜਵਾਈ ਨੇ ਉਨ੍ਹਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ ਅਤੇ ਪਰਵਾਰ ਵੱਲੋਂ ਸੁਖਵਿੰਦਰ ਅਤੇ ਉਸ ਦੀ ਪਤਨੀ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।

ਪੁਲਿਸ ਵਲੋਂ ਵੀ ਉਨ੍ਹਾਂ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਘਰੋਂ ਭੱਜਣ ਲਈ ਕਿਹਾ ਜਾਂਦਾ ਹੈ। ਉਸ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਉਸ ਦੇ ਪਿਤਾ, ਭਰਾ ਅਤੇ ਭੈਣ ਹਨ। ਉਸ ਦੀ ਪਤਨੀ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਅਤੇ ਨਾ ਹੀ ਉਸ ਦੇ ਦੋਸਤਾਂ ਨੂੰ ਪਰੇਸ਼ਾਨ ਕੀਤਾ ਜਾਵੇ। ਉਸ ਨੇ ਦੱਸਿਆ ਕਿ ਥਾਣਾ ਨੰ. 1 ਵਲੋਂ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ।

ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਅਧਿਕਾਰੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡੀਓ ਦੇ ਆਧਾਰ ’ਤੇ ਪਰਿਵਾਰ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

Leave A Reply

Your email address will not be published.