ਦਾਜ ਦੀ ਖਾਤਰ ਗਰਭਵਤੀ ਦੀ ਕੁੱਟ-ਮਾਰ ਕਰ ਕੇ ਕਰਵਾ ਦਿੱਤਾ ਗਰਭਪਾਤ

107

 

ਲੁਧਿਆਣਾ – ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਦਾਜ ਦੀ ਖਾਤਰ ਤੰਗ-ਪ੍ਰੇਸ਼ਾਨ ਕਰਨ ਦੇ ਚਾਰ ਪਰਚੇ ਦਰਜ ਕੀਤੇ ਹਨ। ਪਹਿਲੇ ਕੇਸ ’ਚ ਜੋਤੀ ਰਾਣੀ ਵਾਸੀ ਟਿੱਬਾ ਰੋਡ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 21 ਦਸੰਬਰ 2017 ਨੂੰ ਲਿਖਤੀ ਸ਼ਿਕਾਇਤ ’ਚ ਆਪਣੇ ਪਤੀ, ਸੱਸ, ਸਹੁਰਾ, ਦਿਓਰ ਅਤੇ ਦਰਾਣੀ ਖਿਲਾਫ ਦਾਜ ਦੀ ਖਾਤਰ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਸਨ। ਪੀਡ਼ਤਾ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਮੇਰੀ ਬੇਟੀ ਜੋਤੀ ਰਾਣੀ ਦਾ ਵਿਆਹ ਸਚਿਨ ਕੁਮਾਰ ਵਾਸੀ ਨੇਡ਼ੇ ਰੇਲਵੇ ਸਟੇਸ਼ਨ ਸਰਹਿੰਦ (ਜ਼ਿਲਾ ਫਤਿਹਗਡ਼੍ਹ ਸਾਹਿਬ) ਨਾਲ 10 ਅਪ੍ਰੈਲ 2017 ਨੂੰ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਹੀ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। ਜਦੋਂ ਮੇਰੀ ਬੇਟੀ 2 ਮਹੀਨੇ ਦੀ ਗਰਭਵਤੀ ਸੀ ਤਾਂ ਉਸ ਦੇ ਨਾਲ ਉਸ ਦੇ ਸਹੁਰੇ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ। ਇਹ ਗੱਲ ਸਾਡੀ ਲਡ਼ਕੀ ਨੇ ਸਾਡੇ ਤੋਂ ਲੁਕੋ ਕੇ ਰੱਖੀ। ਜਦੋਂ ਸਾਡੇ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਮੇਰੀ ਬੇਟੀ ਤੇ ਉਸ ਦੇ ਸਹੁਰੇ ਵਾਲੇ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਉੱਥੇ ਲਡ਼ਕੀ ਤੇ ਸਾਡੇ ਨਾਲ ਬੁਰੀ ਤਰ੍ਹਾਂ ਵਿਵਹਾਰ ਕੀਤਾ। ਇਸ ਤੋਂ ਬਾਅਦ ਲਡ਼ਕੀ ਨੇ ਸਾਨੂੰ ਦੱਸਿਆ ਕਿ ਦਾਜ ਲਈ ਮੇਰੇ ਸਹੁਰੇ ਵਾਲੇ ਮੇਰੇ ਨਾਲ ਬਹੁਤ ਕੁੱਟ-ਮਾਰ ਕਰਦੇ ਹਨ। ਜਦੋਂ ਅਸੀਂ ਇਸ ਸਬੰਧੀ ਉਸ ਦੇ ਸਹੁਰੇ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਬੇਟੀ ਨੂੰ ਆਪਣੇ ਕੋਲ ਨਹੀਂ ਰੱਖਣਾ। ਤੁਸੀਂ ਇਸ ਨੂੰ ਆਪਣੇ ਕੋਲ ਹੀ ਰੱਖੋ। ਇਸ ਦੀ ਸ਼ਿਕਾਇਤ ਅਸੀਂ ਪੁਲਸ ਕਮਿਸ਼ਨਰ ਨੂੰ ਦਿੱਤੀ ਤਾਂ ਕਮਿਸ਼ਨਰ ਨੇ ਇਹ ਕੇਸ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਭੇਜ ਦਿੱਤਾ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਜਾਂਚ ਦੌਰਾਨ ਪੀਡ਼ਤਾ ਵਲੋਂ ਦਿੱਤੀ ਗਈ ਸ਼ਿਕਾਇਤ ’ਤੇ ਜੋਤੀ ਰਾਣੀ ਦੇ ਪਤੀ ਸਚਿਨ ਕੁਮਾਰ ਖਿਲਾਫ ਦਾਜ ਖਾਤਰ ਜ਼ੁਲਮ ਕਰਨ ਦਾ ਪਰਚਾ ਦਰਜ ਕਰ ਲਿਆ ਹੈ।

Leave A Reply

Your email address will not be published.