ਦਿੱਲੀ ਤੋਂ ਦੌਲੇਵਾਲ ਆਈ ‘ਚਿੱਟੇ’ ਦੀ ਖੇਪ, ਪੁਲਿਸ ਨੇ ਫੜ੍ਹੀ

31

ਜਲੰਧਰ : ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਤੇ ਮੋਗਾ ਪੁਲਿਸ ਨੇ ਹੈਰੋਇਨ ਅੰਤਰਰਾਜੀ ਡਰੱਗ ਰੈਕੇਟ ਦਾ ਭਾਂਡਾ ਭੰਨ੍ਹਿਆ ਹੈ। ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਇਲਾਕੇ ਤੋਂ ਦਿੱਲੀ ਦੇ ਤਸਕਰਾਂ ਵੱਲੋਂ ਭੇਜੀ 1.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਰਿਤੇਸ਼ ਗੁਰੰਗ (27 ਸਾਲ) ਵਾਸੀ ਪਿੰਡ ਮੀਰਿਕ, ਦਾਰਜੀਲਿੰਗ ਪੱਛਮੀ ਬੰਗਾਲ ਵਜੋਂ ਹੋਈ ਹੈ। ਉਹ ਇਸ ਸਮੇਂ ਦਿੱਲੀ ਦੇ ਦੱਖਣ ਪੱਛਮੀ ਇਲਾਕੇ ਵਿੱਚ ਰਹਿ ਰਿਹਾ ਸੀ।

ਕਾਊਂਟਰ ਇੰਟੈਲੀਜੈਂਸ ਜਲੰਧਰ ਦੇ ਏਆਈਜੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਦੌਲੇਵਾਲ ਪਿੰਡ ਦਾ ਬਦਨਾਮ ਸਮਗਲਰ ਬਲਵੰਤ ਸਿੰਘ ਗੁਪਤਾ ਦਿੱਲੀ ਦੇ ਤਸਕਰਾਂ ਨਾਲ ਸੰਪਰਕ ਵਿੱਚ ਹੈ। ਅੱਜ ਇਨ੍ਹਾਂ ਤਸਕਰਾਂ ਰਾਹੀਂ ਭੇਜੀ ਹੈਰੋਇਨ ਦੀ ਖੇਪ ਨੂੰ ਉਹ ਮੋਗਾ ਦੇ ਕੋਟ ਈਸੇ ਖਾਂ ਦੇ ਇਲਾਕੇ ਵਿੱਚ ਪ੍ਰਾਪਤ ਕਰਨ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਨਿਹਾਲਗੜ੍ਹ ਸੂਏ ਦੇ ਪੁਲ ਦੇ ਕੋਲੋਂ ਤਸਕਰ ਨੂੰ ਰੋਕਿਆ ਤੇ ਉਸ ਦੇ ਕਬਜ਼ੇ ਵਿੱਚੋਂ 1.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਦਕਿ ਬਲਵੰਤ ਸਿੰਘ ਗੁਪਤਾ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜਣ ‘ਚ ਸਫਲ ਹੋ ਗਿਆ।

ਗ੍ਰਿਫਤਾਰ ਮੁਲਜ਼ਮ ਦੱਸਿਆ ਕਿ ਉਹ ਦਾਰਜੀਲਿੰਗ ਪੱਛਮੀ ਬੰਗਾਲ ਨਾਲ ਸਬੰਧ ਰੱਖਦਾ ਹੈ ਤੇ ਛੇ ਸੱਤ ਸਾਲ ਪਹਿਲਾਂ ਦਿੱਲੀ ਆਏ ਕੰਮ ਕਾਰ ਕਰਨ ਲਈ ਆਇਆ ਸੀ। ਉਹ ਲਾਊਂਜ ਬਾਰ ਵਿੱਚ ਵੇਟਰ ਦਾ ਕੰਮ ਕਰ ਰਿਹਾ ਸੀ। ਇੱਥੇ ਉਹ ਦਿੱਲੀ ਦੇ ਤਸਕਰਾਂ ਨਾਲ ਸੰਪਰਕ ਵਿੱਚ ਆਇਆ। ਆਸਾਨੀ ਨਾਲ ਪੈਸਾ ਕਮਾਉਣ ਲਈ ਉਹ ਤਸਕਰਾਂ ਦੇ ਨਿਰਦੇਸ਼ਾਂ ‘ਤੇ ਤਸਕਰੀ ਕਰਨ ਲਈ ਸਹਿਮਤ ਹੋ ਗਿਆ।

ਮੁਲਜ਼ਮ ਰਿਤੇਸ਼ ਦਿੱਲੀ ਤੋਂ ਬੱਸ ਰਾਹੀਂ ਆਇਆ ਸੀ। ਪਹਿਲਾਂ ਉਹ ਚੰਡੀਗੜ੍ਹ ਗਿਆ ਤੇ ਉਥੋਂ ਉਹ ਮੋਗਾ ਹੁੰਦੇ ਹੋਏ ਕੋਟ ਈਸੇ ਖਾਂ ਪਹੁੰਚਿਆ। ਤਸਕਰਾਂ ਖਿਲਾਫ਼ NDPS ACT ਦੀ ਧਾਰਾ ਹੇਠ ਐਫਆਈਆਰ ਥਾਣਾ ਕੋਟ ਇਸੇ ਖਾਨ ਮੋਗਾ ਵਿੱਚ ਦਰਜ ਕੀਤੀ ਗਈ ਹੈ। ਪੁਲਿਸ ਗ੍ਰਿਫਤਾਰ ਕੀਤੇ ਗਏ ਤਸਕਰ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਮਾਮਲੇ ਦੀ ਜਾਂਚ ਪੂਰੀ ਕੀਤੀ ਜਾ ਸਕੇ।

Leave A Reply

Your email address will not be published.