ਪ੍ਰੇਮ ਸਬੰਧਾਂ ਕਰਕੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਕਿੱਥੋਂ ਆਇਆ ਪਿਸਤੌਲ?

77

ਜਲੰਧਰ: ਕੁਝ ਘੰਟੇ ਪਹਿਲਾਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਨੂੰ ਗੋਲੀ ਮਾਰੀ ਤੇ ਖੁਦ ‘ਤੇ ਵੀ ਗੋਲੀਆਂ ਚਲਾ ਲਈਆਂ। ਲੜਕੀ ਦੀ ਹਾਲਤ ਗੰਭੀਰ ਬਣੀ ਹੈ ਜਦਕਿ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਲੜਕੇ ਦੀ ਜੇਬ ਵਿੱਚੋਂ ਤਿੰਨ ਲਾਈਨਾਂ ਦਾ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਿਖਿਆ ਸੀ ਕਿ ਦੋਹਾਂ ਦੀ ਮੌਤ ਲਈ ਉਹ ਖ਼ੁਦ ਜ਼ਿੰਮੇਵਾਰ ਹੈ ਤੇ ਉਹ ਲੜਕੀ ਨੂੰ ਬਹੁਤ ਪਿਆਰ ਕਰਦਾ ਸੀ। ਲੜਕੀ ਨੇ ਉਸ ਨੂੰ ਕੁਝ ਅਜਿਹਾ ਕਹਿ ਦਿੱਤਾ ਜਿਸ ਕਾਰਨ ਉਸ ਨੂੰ ਅਜਿਹਾ ਕਦਮ ਚੁੱਕਣਾ ਪਿਆ।

26 ਸਾਲ ਦੀ ਸੀਮਾ ਤਿਵਾੜੀ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ। ਛੇ ਮਹੀਨੇ ਪਹਿਲਾਂ ਤੱਕ ਇੱਥੇ ਹੀ ਕੰਮ ਕਰਨ ਵਾਲੇ 26 ਸਾਲ ਦੇ ਮਨਪ੍ਰੀਤ ਨੇ ਅੱਜ ਸ਼ੋਅਰੂਮ ਆ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਕਾਫੀ ਨਿਸ਼ਾਨੇ ਤਾਂ ਨਹੀਂ ਲੱਗੇ ਪਰ ਇੱਕ ਗੋਲੀ ਲੱਗਣ ਨਾਲ ਲੜਕੀ ਹੇਠਾਂ ਡਿੱਗ ਗਈ। ਲੜਕੇ ਨੂੰ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ। ਤੁਰੰਤ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਮਗਰੋਂ ਲੜਕੀ ਨੂੰ ਸ਼ੋਅਰੂਮ ਦਾ ਸਟਾਫ ਸਮਾਂ ਰਹਿੰਦਿਆਂ ਹਸਪਤਾਲ ਲੈ ਗਿਆ। ਲੜਕੇ ਦਾ ਨਾਂ ਮਨਪ੍ਰੀਤ ਹੈ ਤੇ ਉਹ ਪਹਿਲਾਂ ਇੱਥੇ ਹੀ ਕੰਮ ਕਰਦਾ ਸੀ। ਉਹ ਸ਼ੋਅਰੂਮ ਵਿੱਚੋਂ ਕੰਮ ਛੱਡ ਚੁੱਕਾ ਸੀ ਤੇ ਕਰਤਾਰਪੁਰ ਵਿੱਚ ਕਿਸੇ ਹੋਰ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪਿਛਲੇ ਇੱਕ ਮਹੀਨੇ ਤੋਂ ਉਹ ਉੱਥੇ ਵੀ ਨਹੀਂ ਜਾ ਰਿਹਾ ਸੀ।

ਚੋਣ ਜ਼ਾਬਤਾ ਲੱਗਾ ਹੈ ਤੇ ਇਸ ਦੌਰਾਨ ਸਾਰੇ ਹਥਿਆਰ ਥਾਣਿਆਂ ਵਿੱਚ ਜਮ੍ਹਾ ਕਰਵਾਉਣੇ ਹੁੰਦੇ ਹਨ। ਇਸ ਦੌਰਾਨ ਲੜਕੇ ਕੋਲ ਰਿਵਾਲਵਰ ਕਿੱਥੋਂ ਆਇਆ, ਪੁਲਿਸ ਇਸ ਦੀ ਜਾਂਚ ਵਿੱਚ ਲੱਗੀ ਹੈ। ਫਿਲਹਾਲ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਰਿਵਾਲਵਰ ਕਿਸ ਦੇ ਨਾਂ ‘ਤੇ ਦਰਜ ਹੈ ਤੇ ਇਹ ਜਮ੍ਹਾ ਕਿਉਂ ਨਹੀਂ ਕਰਵਾਇਆ ਗਿਆ?

Leave A Reply

Your email address will not be published.