ਪੰਜਾਬ ‘ਚ ਖਤਮ ਨਹੀਂ ਹੋਇਆ ਅੱਤਵਾਦ, ਅੱਤਵਾਦੀਆਂ ਦੇ ਨਵੇਂ ਚਿਹਰੇ ਆ ਰਹੇ ਸਾਹਮਣੇ

111

ਜਲੰਧਰ — ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਪਿਛਲੇਂ ਦਿਨੀਂ  ਕੀਤੇ ਗਏ ਪੰਜਾਬ ‘ਚ ਖਾਲਿਸਤਾਨ ਲਹਿਰ ਦੇ ਮੁੜ ਉਭਰਨ ਦੇ ਦਾਅਵੇ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਸ ਦਾਅਵੇ ਨਾਲ ਅਜਿਹਾ ਲੱਗਣ ਲੱਗਾ ਹੈ ਕਿ ਅੱਧੀ ਸਦੀ ਤੋਂ ਬਾਅਦ ਪੰਜਾਬ ‘ਚ ਮੁੜ ਉਹੀ ਹਾਲਾਤ ਬਣ ਸਕਦੇ ਹਨ ਜਿਨ੍ਹਾਂ ਹਾਲਾਤ ਦਾ ਸੰਤਾਪ ਪੰਜਾਬ ਨੇ ਦਹਾਕਿਆਂ ਤਕ ਭੋਗਿਆ ਸੀ। ਫੌਜ ਮੁਖੀ ਦੇ ਦਾਅਵੇ ਦੇ ਪਿੱਛੇ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ‘ਚ ਬਣ ਰਹੇ ਹਾਲਾਤ ਤੇ ਵਿਦੇਸ਼ਾਂ ‘ਚ ਪੰਜਾਬ ਵਿਰੁੱਧ ਆਈ. ਐੈੱਸ. ਆਈ. ਵਲੋਂ ਖਾਲਿਸਤਾਨੀ ਅੱਤਵਾਦੀ ਤੇ ਕਸ਼ਮੀਰੀ ਅੱਤਵਾਦੀਆਂ ਨਾਲ ਮਿਲ ਕੇ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਹਨ।
ਇਹ ਸਾਜ਼ਿਸ਼ਾਂ ਅੱਤਵਾਦ ਦਾ ਚਿਹਰਾ  ਕਹੀਆਂ ਜਾ ਰਹੀਆਂ ਹਨ। ਮਤਲਬ ਪੰਜਾਬ ‘ਚ ਅੱਤਵਾਦੀ ਸਰਗਰਮੀਆਂ ਦੇ ਪਿੱਛੇ ਖਿਡਾਰੀ ਪੁਰਾਣੇ ਹੀ ਹਨ ਪਰ ਚਿਹਰੇ ਨਵੇਂ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ‘ਚ ਕਸ਼ਮੀਰੀ ਅੱਤਵਾਦੀਆਂ ਵਲੋਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਪੰਜਾਬ ਦੀ ਅਸ਼ਾਂਤੀ ਦੇ ਨਵੇਂ ਖਲਨਾਇਕ:
ਸਮੇਂ ਦੇ ਨਾਲ ਪੁਰਾਣੇ ਅੱਤਵਾਦੀ ਸੰਗਠਨਾਂ ਦਾ ਅਸਰ ਘੱਟ ਹੋਣ ਤੋਂ ਬਾਅਦ ਆਈ. ਐੈੱਸ. ਆਈ. ਵਲੋਂ ਨਵੇਂ ਅੱਤਵਾਦੀ ਸੰਗਠਨ ਬਣਾਏ ਜਾਂਦੇ ਰਹੇ ਹਨ। ਜਿਨ੍ਹਾਂ ਦੀ ਕਮਾਨ ਨਵੇਂ ਚਿਹਰਿਆਂ ਨੂੰ ਸੌਂਪੀ ਗਈ ਹੈ। ਮੌਜੂਦਾ ਸਮੇਂ ‘ਚ ਇਹ ਚਿਹਰੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹੈਪੀ ਪੀ. ਐੈੱਚ ਡੀ., ਪਰਮਜੀਤ ਸਿੰਘ ਪੰਮਾ, ਗੋਪਾਲ ਸਿੰਘ ਚਾਵਲਾ ਹੈ ਜਿਨ੍ਹਾਂ ਦੇ ਸਬੰਧ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨਾਲ ਹਨ। ਇਸ ਦਾ ਖੁਲਾਸਾ ਵੀਰਵਾਰ ਨੂੰ  ਪੰਜਾਬ ਪੁਲਸ ਵਲੋਂ ਪਟਿਆਲਾ ‘ਚ ਖਾਲਿਸਤਾਨ ਗਦਰ ਫੋਰਸ ਦੇ ਅੱਤਵਾਦੀ ਰਮਨਦੀਪ ਸਿੰਘ ਦੀ ਗ੍ਰਿਫਤਾਰੀ ਨਾਲ ਹੋਇਆ। ਪੁਲਸ ਦੇ ਦਾਅਵੇ ਅਨੁਸਾਰ ਰਮਨਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਨੂੰ ਪਾਕਿਸਤਾਨ ਸਥਿਤ  ਉਸ ਦੇ ਆਕਿਆਂ ਨੇ ਤਿਉਹਾਰਾਂ ਦੇ ਆਉਣ ਵਾਲੇ ਮੌਸਮ ‘ਚ ਪੁਲਸ ਚੌਕੀਆਂ ਅਤੇ ਭੀੜ ਭਾੜ ਵਾਲੇ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਸੀ। ਡੀ. ਜੀ. ਪੀ. ਸੁਰੇਸ਼ ਅਰੋੜਾ ਅਨੁਸਾਰ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੈੱਸ. ਆਈ. ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਸੰਗਠਨ ਸਿਖਸ ਫਾਰ ਜਸਟਿਸ ਵਿਚਾਲੇ ਗੰਢ-ਸੰਢ ਦਾ ਖੁਲਾਸਾ ਕੀਤਾ ਹੈ ਕਿਉਂਕਿ ਉਸ ਦੇ ਇਕ ਹੈਂਡਲਰ ਨੇ ਉਸ ਦੀ ਪਛਾਣ ਐੈੱਸ. ਐੈੱਫ. ਜੇ. ਦੇ ਮੈਂਬਰ ਦੇ ਰੂਪ ‘ਚ ਕੀਤੀ।https://static.jagbani.com/multimedia/12_04_488160000collage-ll.jpg

ਪੁਰਾਣੇ ਖਿਡਾਰੀ:
80 ਤੇ 90 ਦੇ ਦਹਾਕਿਆਂ ‘ਚ ਆਈ. ਐੈੱਸ. ਆਈ. ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚੀਫ ਵਧਾਵਾ ਸਿੰਘ ਬੱਬਰ, ਖਾਲਿਸਤਾਨੀ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ, ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਲਖਬੀਰ ਸਿੰਘ ਰੋਡੇ ਦੇ ਰਾਹੀਂ ਪੰਜਾਬ ‘ਚ ਅੱਤਵਾਦੀ ਸਗਰਮੀਆਂ ਦਾ ਨੈੱਟਵਰਕ ਚਲਾਉਂਦਾ ਰਿਹਾ ਹੈ। ਇਸ ਦੇ ਨਾਲ ਨਵਾਂ ਚਿਹਰਾ ਰਣਜੀਤ ਸਿੰਘ ਨੀਟਾ ਜੁੜ ਗਿਆ।

ਕਸ਼ਮੀਰੀ ਅੱਤਵਾਦੀਆਂ ਅਤੇ ਖਾਲਿਸਤਾਨੀ ਅੱਤਵਾਦੀਆਂ ਵਿਚਾਲੇ ਗੰਢ-ਤੁਪ ਤੋਂ ਬਾਅਦ ਨਵੇਂ ਸੰਗਠਨ ਆਏ ਸਾਹਮਣੇ:
ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਨਾਲ-ਨਾਲ ਆਈ. ਐੈੱਸ. ਆਈ. ਵਲੋਂ ਹਿਜਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਊਦੀਨ, ਲਸ਼ਕਰ-ਏ-ਤੋਇਬਾ ਦੇ ਸਰਪ੍ਰਸਤ ਹਾਫਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਦੇ ਰਾਹੀਂ ਕਸ਼ਮੀਰ ‘ਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਿਛਲੇ ਮਹੀਨੇ ਜਲੰਧਰ ਤੋਂ ਵਿਦਿਆਰਥੀ ਜਾਹਿਦ ਗੁਲਜ਼ਾਰ, ਯੂਸੁਫ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ-ਗਜਵਤ-ਉਲ-ਹਿੰਦ ਦੀਆਂ ਜੜ੍ਹਾਂ ਫੈਲਾਏ ਜਾਣ ਦਾ ਖੁਲਾਸਾ ਹੋਇਆ। ਇਸੇ ਤਰ੍ਹਾਂ ਪਟਿਆਲਾ ‘ਚ ਅੱਤਵਾਦੀ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ਨਾਲ ਖਾਲਿਸਤਾਨ ਗਦਰ ਫੋਰਸ ਅੱਤਵਾਦੀ ਸੰਗਠਨ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਸੰਗਠਨਾਂ ਨੂੰ ਫੰਡਿੰਗ ਵਿਦੇਸ਼ਾਂ ‘ਚ ਬੈਠੇ ਇਨ੍ਹਾਂ ਦੇ ਆਕੇ ਤੇ ਆਈ. ਐੈੱਸ. ਆਈ. ਵਲੋਂ ਕੀਤੀ ਜਾਂਦੀ ਹੈ। ਖੁਫੀਆ ਏਜੰਸੀਆਂ  ਦੇ  ਅਨੁਸਾਰ ਅਗਸਤ ਮਹੀਨੇ ‘ਚ ਯੂ. ਕੇ. ‘ਚ ਸਿੱਖ ਰੈਫਰੈਂਡਮ ਰੈਲੀ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ‘ਚ ਓਵਰਸੀਜ਼ ਪਾਕਿਸਤਾਨੀ ਵੈੱਲਫੇਅਰ ਕੌਂਸਲ, ਵਰਲਡ ਕਸ਼ਮੀਰ ਫਰੀਡਮ ਮੂਵਮੈਂਟ, ਕਸ਼ਮੀਰੀ ਪੈਟਰਿਆਟਿਕ ਫੋਰਮ ਇੰਟਰਨੈਸ਼ਨਲ ਦੇ ਨੇਤਾਵਾਂ ਦਾ ਸਾਥੀ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਵੀ ਸਾਹਮਣੇ ਆਇਆ ਸੀ। ਖੁਫੀਆ ਏਜੰਸੀਆਂ ਅਨੁਸਾਰ ਕਸ਼ਮੀਰੀ ਅੱਤਵਾਦੀਆਂ ‘ਤੇ ਖਾਲਿਸਤਾਨੀ ਅੱਤਵਾਦੀਆਂ ਦੇ ਹੱਥ ਮਿਲਾਉਣ ਤੋਂ ਬਾਅਦ ਨਵੇਂ ਸੰਗਠਨ ਹੋਂਦ ‘ਚ ਆ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਨਵੇਂ ਅੱਤਵਾਦੀ ਸੰਗਠਨਾਂ ਵਲੋਂ ਅੱਤਵਾਦੀ  ਵਾਰਦਾਤਾਂ  ਲਈ   ਨੌਜਵਾਨ ਚਿਹਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਕਸ਼ਮੀਰ ‘ਚ ਦਬਾਅ ਬਣਾਉਣ ਤੋਂ ਬਾਅਦ ਅੱਤਵਾਦੀਆਂ ਕੀਤਾ ਪੰਜਾਬ ਵਲ ਰੁਖ:
ਕਸ਼ਮੀਰ ‘ਚ ਫੌਜ ਦੀ ਸਖਤੀ ਤੋਂ ਬਾਅਦ ਅੱਤਵਾਦੀਆਂ ਨੇ ਪੰਜਾਬ ਦਾ ਰੁਖ ਕਰ ਲਿਆ ਹੈ। ਬੀਤੇ ਸਤੰਬਰ ਮਹੀਨੇ ‘ਚ ਜਲੰਧਰ ਦੇ ਅੱਤਵਾਦੀਆਂ ਨੇ ਮਕਸੂਦਾਂ ਪੁਲਸ ਥਾਣੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਥਾਣੇ ‘ਚ ਇਕ ਤੋਂ ਬਾਅਦ ਇਕ ਕਈ ਬੰਬ ਧਮਾਕੇ ਕੀਤੇ। ਸੋਮਵਾਰ ਨੂੰ ਜਲੰਧਰ ‘ਚ ਪੁਲਸ ਨੇ ਪ੍ਰੈੱਸ ਕਾਨਫਰੰਸ ਕਰਕੇ ਮਕਸੂਦਾਂ ਥਾਣੇ ‘ਚ ਬੰਬ ਧਮਾਕੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ। ਇਸ ਮਾਮਲੇ ‘ਚ ਚਾਰ ਅੱਤਵਾਦੀਆਂ ਦੀ ਗ੍ਰਿਫਤਾਰੀ ਹੋਈ ਹੈ। ਇਹ ਧਮਾਕੇ ਜ਼ਾਕਿਰ-ਮੂਸਾ ਵਲੋਂ ਕਰਵਾਏ ਗਏ। ਇਸ ਸਬੰਧ ‘ਚ ਲੁਧਿਆਣਾ ‘ਚ ਵੀ ਗ੍ਰਿਫਤਾਰੀਆਂ ਹੋਈਆਂ ਹਨ।

ਅਜੇ ਸੁਲਗ ਰਹੀ ਹੈ ਚੰਗਿਆੜੀ:
ਸ਼੍ਰੋਮਣੀ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਦੀ ਮੰਨੀਏ ਤਾਂ ਪੰਜਾਬ ‘ਚ ਅੱਤਵਾਦ ਕਦੇ ਖਤਮ ਨਹੀਂ ਹੋਇਆ। ਅੱਤਵਾਦ ਨੂੰ ਦਬਾਇਆ ਗਿਆ ਸੀ ਪਰ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਜੋ ਚੰਗਿਆੜੀ ਦੱਬੀ ਹੋਈ ਸੀ ਉਸ ‘ਚੋਂ ਕਦੇ-ਕਦਾਈ ਧੂੰਆਂ ਉੱਠਦਾ ਰਹਿੰਦਾ ਹੈ ਤੇ  ਇਹ ਅਜੇ ਵੀ ਸੁਲਗ ਰਹੀ ਹੈ। ਸਰਦਾਰ ਲਾਲਪੁਰਾ ਦੀਆਂ ਨਜ਼ਰਾਂ ‘ਚ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ‘ਚ ਜੋ ਹਾਲਾਤ ਬਣੇ ਹਨ ਅਜਿਹੇ ਹੀ ਹਾਲਾਤ 80 ਦੇ ਦਹਾਕੇ ‘ਚ ਬਣੇ ਸਨ। ਪੰਜਾਬ ਇਕ ਵਾਰ ਫਿਰ ਅਜ਼ਮਾਇਸ਼ ਦੇ ਦੌਰ ‘ਚੋਂ ਲੰਘ ਰਿਹਾ ਹੈ। ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦਿੱਤੇ ਜਾਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ ਤੋਂ ਬਾਅਦ ਇਕ ਵਾਰ ਫਿਰ ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਇਨ੍ਹਾਂ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਹੱਲ ਕੀਤੇ ਜਾਣ ਦੀ ਲੋੜ ਹੈ।

Leave A Reply

Your email address will not be published.