ਬਾਬੇ ਨਾਨਕ ਦੇ ਘਰ ਤਕ ਪਹੁੰਚਣ ਦਾ ਰਾਹ ਹੋਇਆ ਪੱਧਰਾ

95

ਡੇਰਾ ਬਾਬਾ ਨਾਨਕ (ਰਜ਼ਾਦਾ) : ਕੁੱਝ ਦਿਨ ਪਹਿਲਾਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਰਸਤੇ ‘ਚ ਦਰਗਾਹ ਤੇ ਮੰਦਰ ਆਉਣ ਕਾਰਨ ਨਿਰਮਾਣ ਦਾ ਕੰਮ ਰੋਕ ਦਿਤਾ ਗਿਆ ਸੀ। ਬੀਤੇ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਦਰਗ਼ਾਹ ਨੂੰ ਰਸਤੇ ਤੋਂ ਹਟਾ ਦਿਤਾ ਸੀ ਪਰ ਮੰਦਰ ਦੇ ਪ੍ਰਬੰਧਕਾਂ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ। ਇਹ ਮੀਟਿੰਗ ਅੱਜ ਡੇਰਾ ਬਾਬਾ ਨਾਨਕ ਦੇ ਸੱਚਖੰਡ ਮੰਡੀ ਸਾਹਿਬ ‘ਚ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਮੰਦਰ ਪ੍ਰਬੰਧਕਾਂ ‘ਚ ਇਕ ਬੰਦ ਕਮਰੇ ‘ਚ ਕੀਤੀ ਗਈ।

ਕਰੀਬ ਇਕ ਘੰਟਾ ਚੱਲੀ ਇਸ ਮੀਟਿੰਗ ‘ਚ ਮੰਦਰ ਦੇ ਪ੍ਰਬੰਧਕਾਂ ਵਲੋਂ ਕਰਤਾਰਪੁਰ ਲਾਂਘੇ ਨੂੰ ਰਸਤਾ ਦੇਣ ਦੀ ਸਹਿਮਤੀ ਪ੍ਰਗਟਾਈ ਗਈ ਹੈ ਅਤੇ ਧਰਮ ਦੇ ਕੰਮ ‘ਚ ਯੋਗਦਾਨ ਪਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਬੰਧਕਾਂ ਨੇ ਦਸਿਆ ਕਿ ਮੰਦਰ ਦੇ ਬਾਹਰ ਦੀ ਕੰਧ ਸਮੇਤ ਕੁੱਝ ਖ਼ਾਲੀ ਜਗ੍ਹਾ ਕਰਤਾਰਪੁਰ ਲਾਂਘੇ ਦੇ ਰਸਤੇ ‘ਚ ਆ ਰਹੀ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਮੰਦਰ ਦੀਆਂ ਮੂਰਤੀਆਂ ਬਿਨਾਂ ਕੋਈ ਨੁਕਸਾਨ ਪਹੁੰਚਾਏ ਕੰਧ ਨੂੰ ਢਾਅ ਕੇ ਕੰਮ ਸ਼ੁਰੂ ਕਰਨ ਦੀ ਸਹਿਮਤੀ ਦੇ ਦਿਤੀ ਹੈ।

ਉਥੇ ਹੀ ਪ੍ਰਸ਼ਾਸਨ ਵਲੋਂ ਮੀਟਿੰਗ ਦੀ ਅਗਵਾਈ ਕਰਨ ਪੁੱਜੇ ਐਸ.ਡੀ.ਐਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਦਸਿਆ ਕਿ ਮੰਦਰ ਪ੍ਰਬੰਧਕਾਂ ਨਾਲ ਕੀਤੀ ਗਈ ਮੀਟਿੰਗ ਸਫ਼ਲ ਰਹੀ। ਉਨ੍ਹਾਂ ਦਸਿਆ ਕਿ ਮੰਦਰ ਦੀਆਂ ਮੂਰਤੀਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਨਿਰਮਾਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਮੰਦਰ ਪ੍ਰਬੰਧਕਾਂ ਦੀ ਇਸ ਪਹਿਲ ਦੀ ਨਾਨਕ ਨਾਮਲੇਵਾ ਸੰਗਤ ਨੇ ਰੱਜ ਕੇ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਇਸ ਪੁੰਨ ਦੇ ਕਾਰਜ ਵਿਚ ਯੋਗਦਾਨ ਪਾਇਆ ਹੈ।

Leave A Reply

Your email address will not be published.