ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਨੂੰ ਲੱਗੀ ਬ੍ਰੇਕ

27

ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲੀਹੋਂ ਲਹਿ ਗਈ ਹੈ। ਨਾਭਾ ਜੇਲ੍ਹ ਵਿੱਚ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਮਗਰੋਂ ਵਿਸ਼ੇਸ਼ ਜਾਂਚ ਟੀਮ ਦਾ ਜੋਸ਼ ਵੀ ਮੱਠਾ ਪਿਆ ਜਾਪਦਾ ਹੈ। ਪਿਛਲੇ ਦਿਨਾਂ ਤੋਂ ਸਿੱਟ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਫਰੀਦਕੋਟ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਕੈਂਪ ਦਫ਼ਤਰ ਵੀ ਸੁਨਸਾਨ ਪਿਆ ਹੈ।

ਦਰਅਸਲ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਸਿੱਟ ਦੇ ਅਹਿਮ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਮਗਰੋਂ ਹੀ ਜਾਂਚ ਨੂੰ ਬ੍ਰੇਕ ਲੱਗ ਗਈ ਸੀ। ਚੋਣਾਂ ਮਗਰੋਂ ਕੁੰਵਰ ਵਿਜੈ ਪ੍ਰਤਾਪ ਨੇ ਮੁੜ ਚਾਰਜ ਸੰਭਲਦਿਆਂ ਸਰਗਰਮੀ ਵਧਾਈ ਸੀ ਪਰ ਨਾਭਾ ਜੇਲ੍ਹ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ। ਇਸ ਮਗਰੋਂ ਸਿੱਟ ਦੀ ਜਾਂਚ ਅੱਗੇ ਨਹੀਂ ਵਧੀ।

ਇਸ ਤੋਂ ਇਲਾਵਾ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵੀ ਇੱਕਮਤ ਨਹੀਂ ਹਨ। ਸਿੱਟ ਦੇ ਕੁਝ ਮੈਂਬਰਾਂ ਨੂੰ ਕੁੰਵਰ ਵਿਜੈ ਪ੍ਰਤਾਪ ਦੇ ਕੰਮ ਕਰਨ ਦੇ ਤਰੀਕੇ ‘ਤੇ ਇਤਰਾਜ਼ ਹੈ। ਇਹ ਮਾਮਲਾ ਡੀਜੀਪੀ ਦਿਨਕਰ ਗੁਪਤਾ ਤੱਕ ਪਹੁੰਚ ਚੁੱਕਾ ਹੈ। ਬੇਸ਼ੱਕ ਡੀਜੀਪੀ ਨੇ ਸਾਰੀ ਟੀਮ ਨੂੰ ਇਕਜੱਟ ਹੋ ਕੇ ਕੰਮ ਕਰਨ ਦੀ ਨਸੀਹਤ ਦਿੱਤੀ ਸੀ ਪਰ ਸਿੱਟ ਦੀ ਸਰਗਰਮੀ ਅਜੇ ਤੱਕ ਵੀ ਠੱਪ ਨਜ਼ਰ ਆ ਰਹੀ ਹੈ।

ਮੰਨਿਆ ਜਾ ਰਿਹਾ ਸੀ ਕਿ ਸਿੱਟ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਰੋਲ ਬਾਰੇ ਜਾਂਚ ਕਰੇਗੀ। ਇਸ ਬਾਰੇ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਸੀ। ਅਜਿਹੇ ਸਮੇਂ ਹੀ ਨਾਭਾ ਜੇਲ੍ਹ ਕਾਂਡ ਵਾਪਰ ਗਿਆ। ਇਸ ਮਗਰੋਂ ਸਿੱਟ ਦੀ ਸਰਗਰਮੀ ਘਟ ਗਈ।

Leave A Reply

Your email address will not be published.