ਭੋਲਾ ਡਰੱਗਜ਼ ਰੈਕੇਟ ‘ਚ ਕੱਲ੍ਹ ਹੋ ਸਕਦਾ ਵੱਡਾ ਧਮਾਕਾ, ਕੇਸ ‘ਚ ਮਜੀਠੀਆ ਦਾ ਵੀ ਆਇਆ ਸੀ ਨਾਂ

26

ਜਲੰਧਰ: ਪੰਜਾਬ ਦੇ ਸਭ ਤੋਂ ਵਿਵਾਦਤ ਭੋਲਾ ਡਰੱਗਜ਼ ਰੈਕੇਟ ਮਾਮਲੇ ਸਬੰਧੀ ਕੱਲ੍ਹ ਮੁਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਫੈਸਲਾ ਸੁਣਾਇਆ ਜਾ ਸਕਦਾ ਹੈ। ਪੂਰੇ ਮਾਮਲੇ ‘ਚ ਛੇ ਐਫਆਈਆਰ ਤਹਿਤ ਕਰੀਬ 70 ਮੁਲਜ਼ਮ ਨਾਮਜ਼ਦ ਹਨ। ਯਾਦ ਰਹੇ ਕਿ ਪੰਜਾਬ ਪੁਲਿਸ ਨੇ 11 ਨਵੰਬਰ, 2013 ਨੂੰ ਜਗਦੀਸ਼ ਭੋਲਾ ਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਰੁਪਇਆਂ ਦੇ ਇਸ ਨਸ਼ਾ ਤਸਕਰੀ ਮਾਮਲੇ ਦਾ ਖੁਲਾਸਾ ਕੀਤਾ ਸੀ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਮਨੀਤ ਮਲਹੋਤਰਾ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨਿਰਭਉ ਸਿੰਘ ਗਿੱਲ ਨੇ ਐਨਡੀਪੀਐਸ ਦੇ ਸਾਰੇ ਮਾਮਲਿਆਂ ‘ਤੇ 13 ਨਵੰਬਰ ਨੂੰ ਫੈਸਲਾ ਸੁਣਾਉਣ ਦੀ ਗੱਲ ਕਹੀ ਸੀ। ਇਸ ਮਾਮਲੇ ਦੇ ਜ਼ਿਆਦਾਤਰ ਮੁਲਜ਼ਮ ਜੇਲ੍ਹ ਵਿੱਚ ਹਨ ਤੇ ਕੁਝ ਜ਼ਮਾਨਤ ‘ਤੇ ਬਾਹਰ ਹਨ।

ਜਗਦੀਸ਼ ਭੋਲਾ ਨਸ਼ਾ ਤਸਕਰੀ ਕੇਸ ‘ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਹੈ। ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ‘ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹੁਣ ਕੈਪਟਨ ਸਰਕਾਰ ਵੇਲੇ ਵੀ ਇਹ ਠੰਢੇ ਬਸਤੇ ‘ਚ ਹੀ ਰਿਹਾ।

ਭੋਲਾ ਡਰੱਗਜ਼ ਮਾਮਲੇ ‘ਚ ਐਨਡੀਪੀਐਸ ਦੇ ਕੇਸਾਂ ਦੇ ਫੈਸਲੇ ਤੋਂ ਬਾਅਦ ਈਡੀ ਦੇ ਕੇਸ ਬਕਾਇਆ ਰਹਿਣਗੇ। ਇਸੇ ਮਾਮਲੇ ਦੇ ਇੱਕ ਮੁਲਜ਼ਮ ਅਕਾਲੀ ਲੀਡਰ ਚੁੰਨੀ ਲਾਲ ਗਾਬਾ ਦੀ ਡਾਇਰੀ ‘ਚ ਹੋਈਆਂ ਐਂਟਰੀਆਂ ਦੇ ਆਧਾਰ ‘ਤੇ ਤਤਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਪੁੱਤਰ ਦਮਨਬੀਰ ਫਿਲੌਰ ਤੇ ਸੀਪੀਐਸ ਅਵਿਨਾਸ਼ ਚੰਦਰ ‘ਤੇ ਵੀ ਈਡੀ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਈਡੀ ਦੀ ਸੁਣਵਾਈ ‘ਤੇ ਪਿਛਲੇ ਹਫਤੇ ਹੀ ਸਟੇਅ ਲਾ ਦਿੱਤਾ ਸੀ।

Leave A Reply

Your email address will not be published.